ਜਲੰਧਰ (ਦਾ ਮਿਰਰ ਪੰਜਾਬ)-ਸ਼੍ਰੋਮਣੀ ਅਕਾਲੀ ਦਲ ਅਤੇ ਬਹੁਜਨ ਸਮਾਜ ਪਾਰਟੀ ਦੇ ਗਠਜੋੜ ਮੌਕੇ ਬਸਪਾ ਦੇ ਹਿੱਸੇ 20 ਸੀਟਾਂ ਆਈਆਂ ਸਨ।ਜਿਹੜੀਆਂ ਸੀਟਾਂ ਬਹੁਜਨ ਸਮਾਜ ਪਾਰਟੀ ਦੇ ਹਿੱਸੇ ਆਈਆਂ ਸਨ ਉਨ੍ਹਾਂ ਵਿੱਚ ਕਰਤਾਰਪੁਰ ਸਾਹਿਬ, ਜਲੰਧਰ-ਪੱਛਮੀ, ਜਲੰਧਰ-ਉੱਤਰ, ਫਗਵਾੜਾ, ਹੁਸ਼ਿਆਰਪੁਰ, ਟਾਂਡਾ, ਦਸੂਹਾ, ਚਮਕੌਰ ਸਾਹਿਬ, ਬੱਸੀ ਪਠਾਣਾ, ਮਹਿਲ ਕਲਾਂ, ਨਵਾਂਸ਼ਹਿਰ, ਲੁਧਿਆਣਾ ਉੱਤਰੀ, ਸੁਜਾਨਪੁਰ, ਬੋਹਾ, ਪਠਾਨਕੋਟ, ਅਨੰਦਪੁਰ ਸਾਹਿਬ , ਮੋਹਾਲੀ, ਅੰਮ੍ਰਿਤਸਰ ਕੇਂਦਰੀ ਅਤੇ ਉੱਤਰ ਅਤੇ ਪਾਇਲ ਸ਼ਾਮਿਲ ਸਨ। ਅੱਜ ਇਨ੍ਹਾਂ ਸੀਟਾਂ ਵਿਚੋਂ ਸ਼੍ਰੋਮਣੀ ਅਕਾਲੀ ਦਲ ਨੇ 2 ਸੀਟਾਂ ਅੰਮ੍ਰਿਤਸਰ ਉੱਤਰੀ ਅਤੇ ਸੁਜਾਨਪੁਰ ਤੋਂ ਆਪਣੇ ਉਮੀਦਵਾਰ ਐਲਾਨ ਦਿੱਤੇ ਹਨ। ਇਨ੍ਹਾਂ ਸੀਟਾਂ ਬਦਲੇ ਹੋਣ 2 ਵਿਧਾਨ ਸਭਾ ਹਲਕਿਆਂ ਦੀਆਂ ਸੀਟਾਂ ਅਕਾਲੀ ਦਲ ਨੂੰ ਬਸਪਾ ਨਾਲ ਬਦਲਨੀਆਂ ਪੈਣਗੀਆਂ। ਸ਼੍ਰੋਮਣੀ ਅਕਾਲੀ ਦਲ ਇਨ੍ਹਾਂ ਸੀਟਾਂ ਬਦਲੇ ਕਿਹੜੀਆਂ ਦੋ ਸੀਟਾਂ ਬਸਪਾ ਨੂੰ ਦੇਵੇਗੀ ਇਹ ਦਿਨ ਵਿੱਚ ਸਾਫ ਹੋ ਜਾਵੇਗਾ।

ਇਸੇ ਸੰਬੰਧ ਵਿੱਚ ਦਾ ਮਿਰਰ ਪੰਜਾਬ ਨਾਲ ਗੱਲਬਾਤ ਕਰਦੇ ਹੋਏ ਬਹੁਜਨ ਸਮਾਜ ਪਾਰਟੀ ਦੇ ਪੰਜਾਬ ਮਾਮਲਿਆਂ ਦੇ ਇੰਚਾਰਜ ਰਣਧੀਰ ਸਿੰਘ ਬੈਨੀਵਾਲ ਨੇ ਦੱਸਿਆ ਕਿ ਸ਼੍ਰੋਮਣੀ ਅਕਾਲੀ ਦਲ ਦੇ ਨਾਲ ਦੋ ਸੀਟਾਂ ਹੀ ਬਦਲਣ ਦੀ ਗੱਲ ਨਹੀਂ ਚੱਲ ਰਹੀ ਬਲਕਿ 5-6 ਸੀਟਾਂ ਬਦਲੀਆਂ ਜਾ ਸਕਦੀਆਂ ਹਨ। ਉਹਨਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਨਾਲ ਉਨ੍ਹਾਂ ਦੀ ਗੱਲਬਾਤ ਚੱਲ ਰਹੀ ਹੈ। ਸ੍ਰੀ ਬੈਨੀਵਾਲ ਨੇ ਦੱਸਿਆ ਕਿ 4-5 ਦਿਨ ਤੱਕ ਬਦਲੀਆਂ ਜਾ ਰਹੀਆਂ ਸੀਟਾਂ ਬਾਰੇ ਮੀਡੀਆ ਨੂੰ ਜਾਣਕਾਰੀ ਦੇ ਦਿੱਤੀ ਜਾਵੇਗੀ।
ਇੱਥੇ ਇਹ ਵੀ ਦੱਸਣਯੋਗ ਹੈ ਕਿ ਅੱਜ ਦਸੂਹਾ ਤੋਂ ਸਾਬਕਾ ਵਿਧਾਇਕਾਂ ਬੀਬੀ ਸੁਖਜੀਤ ਕੌਰ ਸਾਹੀ ਵੀ ਸ਼੍ਰੋਮਣੀ ਅਕਾਲੀ ਦਲ ਵਿਚ ਸ਼ਾਮਲ ਹੋਏ ਹਨ ਦਸੂਹਾ ਸੀਟ ਵੀ ਸ਼੍ਰੋਮਣੀ ਅਕਾਲੀ ਦਲ ਨਾਲ ਬਸਪਾ ਬਦਲ ਸਕਦੀ ਹੈ ਉਕਤ ਸੀਟ ਬਸਪਾ ਦੇ ਹਿੱਸੇ ਆਈ ਸੀ।ਇਸ ਤੋਂ ਇਲਾਵਾ ਇਹ ਵੀ ਸੂਤਰਾਂ ਤੋਂ ਪਤਾ ਲੱਗਾ ਹੈ ਕੇ ਸ਼ਾਮਚੌਰਾਸੀ ਸੀਟ ਬਸਪਾ ਨੂੰ ਦਿੱਤੀ ਜਾ ਸਕਦੀ ਹੈ ਇਹ ਸੀਟ ਅਕਾਲੀ ਦਲ ਦੇ ਹਿੱਸੇ ਆਈ ਸੀ।





