ਤਲਵਾਡ਼ਾ,28 ਜਨਵਰੀ (ਦਾ ਮਿਰਰ ਪੰਜਾਬ)-ਪੁਰਾਣੀ ਪੈਨਸ਼ਨ ਬਹਾਲੀ ਸੰਘਰਸ਼ ਕਮੇਟੀ, ਪੰਜਾਬ ਨੇ ਪੋਸਟਰ ਮੁਹਿੰਮ ਵਿੱਢ ਕੇ ਵੱਖ ਵੱਖ ਸਿਆਸੀ ਪਾਰਟੀਆਂ ਨੂੰ ਚੁਣੋਤੀ ਦਿੱਤੀ ਹੈ ਕਿ ਜਿਹਡ਼ਾ ਪੁਰਾਣੀ ਪੈਨਸ਼ਨ ਬਹਾਲ ਕਰਨ ਦਾ ਵਾਅਦਾ ਕਰੇਗਾ, ਉਹੀ ਉਨ੍ਹਾਂ ਦੀ ਵੋਟ ਦਾ ਹੱਕਾ ਦਾਰ ਹੋਵੇਗਾ। ਇਸ ਸਬੰਧੀ ਜਾਣਕਾਰੀ ਦਿੰਦੇ ਹੋਇਆਂ ਸੰਘਰਸ਼ ਕਮੇਟੀ ਦੇ ਸੂਬਾ ਕਨਵੀਨਰ ਜਸਵੀਰ ਤਲਵਾਡ਼ਾ ਨੇ ਦੱਸਿਆ ਕਿ ਸਾਲ 2004 ਤੋਂ ਬਾਅਦ ਭਰਤੀ ਮੁਲਾਜ਼ਮਾਂ ’ਤੇ ਕੇਂਦਰ ਅਤੇ ਰਾਜ ਸਰਕਾਰਾਂ ਨੇ ਜ਼ਬਰੀ ਨਵੀਂ ਪੈਨਸ਼ਨ ਸਕੀਮ ਐਨਪੀਐਸ ਥੋਪ ਦਿੱਤੀ ਹੈ। ਜਿਸ ਦੇ ਮਾਰੂ ਸਿੱਟੇ ਹੁਣ ਸਾਹਮਣੇ ਆ ਰਹੇ ਹਨ, ਪੰਜਾਬ ਸਮੇਤ ਪੂਰੇ ਦੇਸ਼ ਵਿੱਚ ਮੁਲਾਜ਼ਮ ਐਨਪੀਐਸ ਦਾ ਵਿਰੋਧ ਕਰ ਰਹੇ ਹਨ। ਉਨ੍ਹਾਂ ਐਨਪੀਐਸ ਲਾਗੂ ਕਰਨ ਲਈ ਭਾਜਪਾ ਤੇ ਕਾਂਗਰਸ ਨੂੰ ਦੋਸ਼ੀ ਦੱਸਿਆ। ਮੁਲਾਜ਼ਮ ਵਰਗ ‘ਚ ਜ਼ਬਰਦਸਤ ਰੋਸ ਹੈ। ਸ਼੍ਰੀ ਤਲਵਾਡ਼ਾ ਨੇ ਦੱਸਿਆ ਕਿ ਇੱਕਲਿਆਂ ਪੰਜਾਬ ‘ਚ ਹੀ ਕਰੀਬ ਦੋ ਲੱਖ ਮੁਲਾਜ਼ਮ ਐਨਪੀਐਸ ਅਧੀਨ ਆਉਂਦੇ ਹਨ। ਅਗਾਮੀ ਪੰਜਾਬ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਪੁਰਾਣੀ ਪੈਨਸ਼ਨ ਬਹਾਲੀ ਸੰਘਰਸ਼ ਕਮੇਟੀ ਨੇ ਪੋਸਟਰ ਮੁਹਿੰਮ ਆਰੰਭ ਕੇ ਸਿਆਸੀ ਪਾਰਟੀਆਂ ਦੇ ਉਮੀਦਵਾਰਾਂ ਨੂੰ ਸਪਸ਼ਟ ਕਰ ਦਿੱਤਾ ਹੈ ਕਿ ਉਨ੍ਹਾਂ ਕੋਲ਼ ਉਹੀ ਵੋਟ ਮੰਗਣ ਆਵੇ, ਜੋ ਪੁਰਾਣੀ ਪੈਨਸ਼ਨ ਬਹਾਲ ਕਰਨ ਅਤੇ ਚੋਣ ਜਿੱਤਣ ਉਪਰੰਤ ਮੁਲਾਜ਼ਮਾਂ ਦੀ ਹੱਕੀ ਤੇ ਜਾਇਜ਼ ਮੰਗ ’ਤੇ ਪਹਿਰਾ ਦੇਣ ਦਾ ਵਾਅਦਾ ਕਰੇਗਾ। ਮੁਲਾਜ਼ਮਾਂ ਦੇ ਘਰਾਂ ਦੇ ਬਾਹਰ ਚਿਪਕਾਏ ਪੋਸਟਰਾਂ ’ਤੇ ਸਾਫ਼ ਲਿਖਿਆ ਹੈ ਕਿ ‘ ਮੈਂ 2004 ਤੋਂ ਬਾਅਦ ਭਰਤੀ ਹੋਇਆ ਸਰਕਾਰੀ ਮੁਲਾਜ਼ਮ ਹਾਂ, ਪੰਜਾਬ ਸਰਕਾਰ ਨੇ ਸਾਡੀ ਪੁਰਾਣੀ ਪੈਨਸ਼ਨ ਬੰਦ ਕਰ ਦਿੱਤੀ ਹੈ ਅਤੇ ਸਾਡੇ ਘਰ ਉਹੀ ਸਿਆਸੀ ਪਾਰਟੀ ਦਾ ਉਮੀਦਵਾਰ ਵੋਟ ਮੰਗਣ ਆਵੇ, ਜੋ ਸਾਡੀ ਪੁਰਾਣੀ ਪੈਨਸ਼ਨ ਬਹਾਲ ਕਰ ਸਕਦਾ ਹੋਵੇ ’। ਜਸਵੀਰ ਤਲਵਾਡ਼ਾ ਨੇ ਸਿਆਸੀ ਪਾਰਟੀਆਂ ਨੂੰ ਪੁਰਾਣੀ ਪੈਨਸ਼ਨ ਬਹਾਲੀ ਦਾ ਮੁੱਦਾ ਆਪਣੇ ਚੋਣ ਮੈਨੀਫੈਸਟੋ ‘ਚ ਪਾਉਣ ਦੀ ਮੰਗ ਕੀਤੀ।





