ਤਲਵਾਡ਼ਾ,13 ਜੂਨ (ਦੀਪਕ ਠਾਕੁਰ)-ਇੱਥੇ ਨੇਡ਼ਲੇ ਪਿੰਡ ਭੋਲ ਵਿਖੇ ਨੰਗਲ ਡੈਮ ਤਲਵਾਡ਼ਾ ਵਾਇਆ ਊਨਾ ਰੇਲ ਪ੍ਰਾਜੈਕਟ ਲਈ ਜ਼ਮੀਨ ਐਕੁਆਇਰ ਕਰਨ ਲਈ ਪੁੱਜੀ ਟੀਮ ਨੂੰ ਜ਼ਮੀਨ ਮਾਲਕਾਂ ਨੇ ਬੇਰੰਗ ਭੇਜ ਦਿੱਤਾ। ਲੋਕ ਐਕੁਆਇਰ ਕੀਤੀ ਜਾਣ ਵਾਲੀ ਜ਼ਮੀਨ ਦੀਆਂ ਨਿਗੂਣੀਆਂ ਕੀਮਤਾਂ ਦੇਣ ਦਾ ਵਿਰੋਧ ਕਰ ਰਹੇ ਹਨ। ਕੰਢੀ ਏਰੀਆ ਸੰਘਰਸ਼ ਕਮੇਟੀ ਦੇ ਆਗੂ ਸੰਜੀਵ ਕੁਮਾਰ ਉਰਫ਼ ਬੱਲੂ, ਕਰਨੈਲ ਸਿੰਘ ਤੇ ਵਿਨੋਦ ਕੁਮਾਰ ਅਤੇ ਸ਼ਹੀਦ ਭਗਤ ਸਿੰਘ ਨੌਜਵਾਨ ਸਭਾ,ਪੰਜਾਬ ਦੇ ਜਨ ਸਕੱਤਰ ਧਰਮਿੰਦਰ ਸਿੰਘ ਸਿੰਬਲੀ ਦੀ ਅਗਵਾਈ ਹੇਠ ਇਕੱਤਰ ਪ੍ਰਭਾਵਿਤ ਪਿੰਡਾਂ ਦੇ ਲੋਕਾਂ ਨੇ ਸਰਕਾਰ ਤੇ ਪ੍ਰਸ਼ਾਸਨ ਖ਼ਿਲਾਫ਼ ਜੰਮ ਕੇ ਨਾਅਰੇਬਾਜੀ ਕੀਤੀ। ਉਨ੍ਹਾਂ ਜ਼ਮੀਨ ਦੇ ਵਾਜਿਬ ਭਾਅ ਨਾ ਦੇਣ ’ਤੇ ਰੇਲਵੇ ਪ੍ਰਾਜੈਕਟ ਲਈ ਸਰਕਾਰ ਨੂੰ ਜ਼ਮੀਨਾਂ ਨਾ ਦੇਣ ਦੀ ਗੱਲ ਕਹੀ। ਸੰਘਰਸ਼ ਕਮੇਟੀ ਦੇ ਆਗੂ ਸੰਜੀਵ ਕੁਮਾਰ ਉਰਫ਼ ਬੱਲੂ ਤੇ ਵਿਨੋਦ ਕੁਮਾਰ ਨੇ ਕਿਹਾ ਕਿ ਸਰਕਾਰ ਵਿਕਾਸ ਦੇ ਨਾਂ ’ਤੇ ਕੰਢੀ ਖ਼ੇਤਰ ਦੇ ਲੋਕਾਂ ਤੋਂ ਨਿਗੂਣੀਆਂ ਕੀਮਤਾਂ ’ਤੇ ਜ਼ਮੀਨਾਂ ਐਕੁਆਇਰ ਕਰਨ ’ਤੇ ਤੁਲੀ ਹੋਈ ਹੈ। ਸਰਕਾਰ ਦੇ ਇਸ ਧੱਕੇ ਦਾ ਸੰਘਰਸ਼ ਕਮੇਟੀ ਡੱਟਵਾਂ ਵਿਰੋਧ ਕਰੇਗੀ। ਸ਼ਹੀਦ ਭਗਤ ਸਿੰਘ ਨੌਜਵਾਨ ਸਭਾ,ਪੰਜਾਬ ਦੇ ਜਨ ਸਕੱਤਰ ਧਰਮਿੰਦਰ ਸਿੰਘ ‘ਸਿੰਬਲੀ’ ਨੇ ਕਿਹਾ ਕਿ ਪ੍ਰਸ਼ਾਸਨ ਵੱਲੋਂ ਐਕੁਆਇਰ ਕੀਤੀ ਜਾ ਰਹੀ ਜ਼ਮੀਨ ਲਈ ਮਾਲਕਾਂ ਨੂੰ 2200 ਤੋਂ 2500 ਰੁਪਏ ਪ੍ਰਤੀ ਮਰਲਾ ਕੀਮਤ ਦਿੱਤੀ ਜਾ ਰਹੀ ਹੈ। ਜ਼ਮੀਨ ਦਾ ਇਹ ਭਾਅ ਸਰਕਾਰੀ ਰੇਟ ਤੋਂ ਵੀ ਬਹੁਤ ਘੱਟ ਹੈ। ਸੰਘਰਸ਼ ਕਮੇਟੀ ਨੇ ਜ਼ਮੀਨਾਂ ਦੇ ਵਾਜਿਬ ਮੁੱਲ ਲਈ ਐਸਡੀਐਮ ਮੁਕੇਰੀਆਂ ਤੇ ਜ਼ਿਲ੍ਹਾ ਮੁਖੀ ਨਾਲ ਵੀ ਮੀਟਿੰਗਾਂ ਕੀਤੀਆਂ, ਪਰ ਕੋਈ ਹੱਲ ਨਹੀਂ ਨਿਕਲਿਆ। ਜਿਸ ਦੇ ਵਿਰੋਧ ‘ਚ ਸੰਘਰਸ਼ ਕਮੇਟੀ ਨੇ 22 ਤਾਰੀਕ ਨੂੰ ਰਾਏ ਸਾਹਿਬ ਚੌਧਰੀ ਗਿਆਨ ਸਿੰਘ ਚੌਂਕ ਤਲਵਾਡ਼ਾ ਵਿਖੇ ਚੱਕਾ ਜਾਮ ਕਰਨ ਦਾ ਐਲਾਨ ਕੀਤਾ ਹੈ। ਇਸ ਸਬੰਧੀ ਪ੍ਰਭਾਵਿਤ ਪਿੰਡਾਂ ‘ਚ ਲਾਮਬੰਦੀ ਮੀਟਿੰਗਾਂ ਕੀਤੀਆਂ ਜਾ ਰਹੀਆਂ ਹਨ।
ਤਜਵੀਜ਼ਤ ਰੇਲਵੇ ਪ੍ਰਾਜੈਕਟ ਲਈ ਜ਼ਮੀਨ ਐਕੁਆਇਰ ਕਰਨ ਪਹੁੰਚੀ ਮਹਿਕਮਾ ਮਾਲ ਦੀ ਟੀਮ ਦੀ ਅਗਵਾਈ ਕਰ ਰਹੇ ਤਹਿਸੀਲਦਾਰ ਸੁਰਿੰਦਰ ਗੁਪਤਾ ਨੇ ਦੱਸਿਆ ਕਿ ਉਹ ਅੱਜ ਪਿੰਡ ਭੋਲ ‘ਚ ਜ਼ਮੀਨ ਮਾਲਕਾਂ ਦੀ ਸਹਿਮਤੀ ਲੈਣ ਅਤੇ ਉਨ੍ਹਾਂ ਨੂੰ ਐਕੁਆਇਰ ਕੀਤੀ ਜਾਣ ਵਾਲੀ ਜ਼ਮੀਨ ਸਬੰਧੀ ਜਾਣਕਾਰੀ ਦੇਣ ਗਏ ਸਨ। ਪਰ ਲੋਕਾਂ ਦੇ ਵਿਰੋਧ ਕਾਰਨ ਉਨ੍ਹਾਂ ਨੂੰ ਵਾਪਸ ਪਰਤਣਾ ਪਿਆ। ਐਕੁਆਇਰ ਕੀਤੀ ਜਾਣ ਵਾਲੀ ਜ਼ਮੀਨ ਦੇ ਭਾਅ ਡਿਪਟੀ ਕਮਿਸ਼ਨਰ ਨੇ ਪਿਛਲੇ ਕੁਲੈਕਟਰ ਰੇਟਾਂ ਤਹਿਤ ਨਿਰਧਾਰਤ ਕੀਤੇ ਹਨ। ਉਨ੍ਹਾਂ ਮੰਨਿਆ ਕਿ ਮੌਜ਼ੂਦਾ ਸਮੇਂ ‘ਚ ਬਰਾਨੀ ਅਤੇ ਚਾਹੀ ਜ਼ਮੀਨ ਦੀ ਕੀਮਤ 3.50 ਲੱਖ ਤੇ 6.88 ਲੱਖ ਰੁਪਏ ਪ੍ਰਤੀ ਏਕਡ਼ ਹੈ। ਪਰ ਮਾਲਕ ਯੋਗ ਮੁਆਵਜ਼ਾ ਲੈਣ ਲਈ ਫੀਲਡ ਮੁਲਾਜ਼ਮਾਂ ਨੂੰ ਤੰਗ ਪ੍ਰੇਸ਼ਾਨ ਕਰਨ ਦੀ ਬਜਾਇ ਐਸਡੀਐਮ ਮੁਕੇਰੀਆਂ ਤੇ ਡਿਪਟੀ ਕਮਿਸ਼ਨਰ ਹੁਸ਼ਿਆਰਪੁਰ ਨਾਲ ਸੰਪਰਕ ਕਰਨ।





