ਢਿੱਲਵਾਂ 25 ਅਪ੍ਰੈਲ (ਦਾ ਮਿਰਰ ਪੰਜਾਬ)- ਸਿਹਤ ਵਿਭਾਗ ਪੰਜਾਬ ਅਤੇ ਸਿਵਲ ਸਰਜਨ ਕਪੂਰਥਲਾ ਡਾ. ਰਾਜਵਿੰਦਰ ਕੌਰ ਦੇ ਦਿਸ਼ਾ-ਨਿਰਦੇਸ਼ਾਂ ਅਤੇ ਮੁੱਢਲਾ ਸਿਹਤ ਕੇਂਦਰ ਢਿੱਲਵਾਂ ਦੇ ਸੀਨੀਅਰ ਮੈਡੀਕਲ ਅਫਸਰ ਡਾ. ਗੁਰਦਿਆਲ ਸਿੰਘ ਦੀ ਯੋਗ ਅਗਵਾਈ ਹੇਠ ਬਲਾਕ ਢਿੱਲਵਾਂ ਦੇ ਵੱਖ-ਵੱਖ ਪਿੰਡਾਂ ਅਤੇ ਸਕੂਲਾਂ ਵਿਖੇ “ਵਿਸ਼ਵ ਮਲੇਰੀਆ ਦਿਵਸ” ਸਬੰਧੀ ਜਾਗਰੂਕਤਾ ਗਤੀਵਿਧੀਆਂ ਕਰਵਾਈਆਂ ਗਈਆਂ।
ਇਸ ਬਾਰੇ ਜਾਣਕਾਰੀ ਦਿੰਦੇ ਹੋਏ ਐਸ.ਐਮ.ਓ ਡਾ. ਗੁਰਦਿਆਲ ਸਿੰਘ ਨੇ ਦੱਸਿਆ ਕਿ ਕੋਈ ਵੀ ਬੁਖਾਰ ਮਲੇਰੀਆ ਹੋ ਸਕਦਾ ਹੈ। ਇਹ ਮਾਦਾ ਮੱਛਰ ਐਨਾਫ਼ਲੀਜ਼ ਦੇ ਕੱਟਣ ਨਾਲ ਫੈਲਦਾ ਹੈ ਜੋ ਕਿ ਖੜੇ ਪਾਣੀ ਵਿਚ ਪੈਦਾ ਹੁੰਦੇ ਹਨ ਅਤੇ ਰਾਤ ਤੇ ਸਵੇਰ ਵੇਲੇ ਕੱਟਦੇ ਹਨ। ਉਨ੍ਹਾਂ ਹੋਰ ਜਾਣਕਾਰੀ ਦਿੰਦਿਆਂ ਕਿਹਾ ਕਿ ਘਰਾਂ ‘ਚ ਅਤੇ ਘਰਾਂ ਦੇ ਆਲੇ-ਦੁਆਲੇ ਸਵੱਛਤਾ ਦਾ ਅਹਿਮ ਰੋਲ ਹੈ, ਸਾਫ ਸਫਾਈ ਹੋਣ ਕਰਕੇ ਮੱਛਰ ਦੀ ਰੋਕਥਾਮ ਕੀਤੀ ਜਾ ਸਕਦੀ ਹੈ । ਉਨ੍ਹਾਂ ਦੱਸਿਆ ਕਿ ਠੰਢ ਅਤੇ ਕੰਬਣ ਦੇ ਨਾਲ ਬੁਖਾਰ, ਤੇਜ਼ ਬੁਖਾਰ ਅਤੇ ਸਿਰ ਦਰਦ, ਬੁਖਾਰ ਉਤਰ ਜਾਣ ‘ਤੇ ਸਰੀਰਕ ਥਕਾਵਟ ਅਤੇ ਕਮਜ਼ੋਰੀ ਅਤੇ ਬੁਖਾਰ ਦੇ ਨਾਲ ਬਹੁਤ ਜ਼ਿਆਦਾ ਪਸੀਨਾ ਆਉਣਾ ਮਲੇਰੀਆ ਦੇ ਲੱਛਣ ਹਨ।
ਇਸ ਮੌਕੇ ਬੀ.ਈ.ਈ ਬਿਕਰਮਜੀਤ ਸਿੰਘ ਅਤੇ ਮੋਨਿਕਾ ਨੇ ਦੱਸਿਆ ਕਿ ਵਿਸ਼ਵ ਸਿਹਤ ਸੰਗਠਨ ਵਲੋਂ ਹਰ ਸਾਲ 25 ਅਪ੍ਰੈਲ ਨੂੰ ਵਿਸ਼ਵ ਮਲੇਰੀਆ ਦਿਵਸ ਵਜੋਂ ਮਨਾਇਆ ਜਾਂਦਾ ਹੈ। ਉਨ੍ਹਾਂ ਕਿਹਾ ਕਿ ਮਲੇਰੀਆ ਮੁਕਤ ਸਮਾਜ ਬਣਾਉਣ ਲਈ ਸਾਡੀ ਸਭ ਦੀ ਹਿੱਸੇਦਾਰੀ ਜਰੂਰੀ ਹੈ ਤਾਂ ਹੀ 2025 ਤੱਕ ਪੰਜਾਬ ਨੂੰ ਮਲੇਰੀਆ ਮੁਕਤ ਰਾਜ ਬਣਾਉਣ ਦਾ ਟੀਚਾ ਹਾਸਲ ਕੀਤਾ ਜਾ ਸਕਦਾ ਹੈ। ਉਹਨਾਂ ਨੇ ਦੱਸਿਆ ਕਿ ਅੱਜ ਬਲਾਕ ਦੇ ਵੱਖ-ਵੱਖ ਪਿੰਡਾਂ ਅਤੇ ਸਿਹਤ ਕੇਂਦਰਾਂ ਤੇ ਫੀਲਡ ਸਟਾਫ ਮ.ਪ.ਹ.ਸ (ਮੇਲ ਤੇ ਫੀਮੇਲ), ਮ.ਪ.ਹ.ਵ (ਮੇਲ ਤੇ ਫੀਮੇਲ) ਅਤੇ ਸੀ.ਐਚ.ਓ ਵਲੋਂ ਲੋਕਾਂ ਨੂੰ ਮਲੇਰੀਆ ਅਤੇ ਡੇਂਗੂ ਬਾਰੇ ਜਾਗਰੂਕ ਕੀਤਾ ਅਤੇ ਹਰ ਸ਼ੁਕਰਵਾਰ ਨੂੰ ਫਰਾਈ ਡੇ-ਡ੍ਰਾਈ ਡੇ ਮਨਾਉਣ ਲਈ ਪ੍ਰੇਰਿਤ ਕੀਤਾ। ਇਸ ਮੌਕੇ ਐਸ.ਆਈ ਬਲਕਾਰ ਸਿੰਘ ਨੇ ਦੱਸਿਆ ਕਿ ਮਲੇਰੀਆ ਦੀ ਜਾਂਚ ਸਾਰੇ ਪੰਜਾਬ ਦੀਆਂ ਸਰਕਾਰੀ ਸਿਹਤ ਸੰਸਥਾਵਾਂ ਵਿਚ ਮੁਫ਼ਤ ਕੀਤੀ ਜਾਂਦੀ ਹੈ ਅਤੇ ਇਲਾਜ ਵੀ ਮੁਫਤ ਹੁੰਦਾ ਹੈ। ਸਿਹਤ ਵਿਭਾਗ ਦਾ ਸਟਾਫ ਘਰ-ਘਰ ਜਾ ਕੇ ਫੀਵਰ ਸਰਵੇ ਕਰਦੇ ਹਨ ਜੋ ਕਿ ਮਲੇਰੀਏ ਦੇ ਖਾਤਮੇ ਵਿਚ ਵੱਡਾ ਯੋਗਦਾਨ ਪਾਉਂਦੇ ਹਨ। ਉਨ੍ਹਾਂ ਦੱਸਿਆ ਕਿ ਸਾਨੂੰ ਆਪਣੇ ਘਰਾਂ ਦੇ ਆਲੇ ਦੁਆਲੇ ਸਾਫ ਪਾਣੀ ਖੜ੍ਹਾ ਨਹੀਂ ਹੋਣ ਦੇਣਾ ਚਾਹੀਦਾ ਅਤੇ ਸਾਫ ਸਫਾਈ ਦਾ ਵੀ ਖਾਸ ਧਿਆਨ ਰੱਖਣਾ ਚਾਹੀਦਾ ਹੈ। ਮੱਛਰ ਤੋਂ ਬਚਣ ਲਈ ਮੱਛਰਦਾਨੀ ਅਤੇ ਮੱਛਰ ਭਜਾਓ ਕਰੀਮਾਂ ਦੀ ਵਰਤੋਂ ਕਰਨੀ ਚਾਹੀਦੀ ਹੈ। ਇਸ ਮੌਕੇ ਮ.ਪ.ਹ.ਵ ਮਲ ਸੁਖਦੇਵ ਸਿੰਘ, ਰੁਪਿੰਦਰਜੀਤ ਸਿੰਘ, ਐਲ. ਐਚ. ਵੀ, ਏ.ਐਨ.ਐਮਾਂ ਆਦਿ ਸਟਾਫ ਹਾਜ਼ਰ ਸੀ ।





