ਜਲੰਧਰ (ਦਾ ਮਿਰਰ ਪੰਜਾਬ)-ਡਿਸਟ੍ਰਿਕਟ ਕਲਚ੍ਰਲ ਐਂਡ ਲਿਟਰੇਰੀ ਸੁਸਾਇਟੀ, ਵਿਰਸਾ ਵਿਹਾਰ, ਜਲੰਧਰ ਅਤੇ ਸਟੂਡੀਓ “ਅੰਤਰਾ” ਵੱਲੋਂ 30 ਅਪ੍ਰੈਲ 2023 ਨੂੰ ਵਿਸ਼ਵ ਨ੍ਰਿਤ ਦਿਵਸ ਮਨਾਇਆ ਗਿਆ। ਸ੍ਰੀਮਤੀ ਸੋਨੀਆ ਬਾਲੀ (ਮੈਨੇਜਿੰਗ ਡਾਇਰੈਕਟਰ, ਹੋਟਲ ਸੁੱਖ ਮਹਿਲ), ਡਾ. ਅਨੂਪ ਵੱਤਸ (ਪ੍ਰਿੰਸੀਪਲ, ਡੀ.ਏ.ਵੀ. ਕਾਲਜ ਨਕੋਦਰ) ਅਤੇ ਸ਼੍ਰੀ ਨਿਤਿਨ ਕਪੂਰ (ਮੈਨੇਜਿੰਗ ਡਾਇਰੈਕਟਰ, ਏ.ਵੀ.ਐੱਨ. ਮੈਨੂਫੈਕਚਰਿੰਗ, ਜਲੰਧਰ) ਨੇ ਬਤੌਰ ਮੁੱਖ ਮਹਿਮਾਨ ਇਸ ਸਮਾਗਮ ਵਿੱਚ ਸ਼ਿਰਕਤ ਕੀਤੀ। ਪ੍ਰੋਗਰਾਮ ਦੀ ਆਰੰਭਤਾ ਸ੍ਰੀਮਤੀ ਸੋਨੀਆ ਬਾਲੀ, ਡਾ. ਅਨੂਪ ਵੱਤਸ, ਸ਼੍ਰੀ ਨਿਤਿਨ ਕਪੂਰ, ਸ਼੍ਰੀ ਸੰਗਤ ਰਾਮ (ਵਾਈਸ ਚੇਅਰਮੈਨ, ਵਿਰਸਾ ਵਿਹਾਰ), ਸ੍ਰੀਮਤੀ ਨਿਧੀ ਮਿੱਤਲ (ਡਾਇਰੈਕਟਰ, ਅੰਤਰਾ ਸਟੂਡੀਓ), ਪ੍ਰਿੰਸੀਪਲ ਬਲਵਿੰਦਰ ਬੈਂਸ, ਸ੍ਰੀ ਗੌਤਮ ਬਾਲੀ, ਸ੍ਰੀਮਤੀ ਤੇਜਿੰਦਰ ਕੌਰ ਥਿੰਦ ਅਤੇ ਸ੍ਰੀ ਪਰਮਜੀਤ ਭਗਤ ਵੱਲੋਂ ਜਯੋਤੀ ਪ੍ਰਜਵਲਿਤ ਕਰਕੇ ਕੀਤੀ ਗਈ।

ਵਿਸ਼ਵ ਨ੍ਰਿਤ ਦਿਵਸ ਨੂੰ ਸਮਰਪਿਤ ਇਸ ਖ਼ੂਬਸੂਰਤ ਪ੍ਰੋਗਰਾਮ ਵਿੱਚ ਲਗਭੱਗ 60 ਯੁਵਾ ਨ੍ਰਿਤਕਾਂ ਨੇ ਕਲਾਸੀਕਲ, ਸੈਮੀ-ਕਲਾਸੀਕਲ ਅਤੇ ਬਾਲੀਵੁੱਡ ਨ੍ਰਿਤ ਦੀ ਪੇਸ਼ਕਾਰੀ ਨਾਲ ਹਾਜ਼ਿਰ ਦਰਸ਼ਕਾਂ ਦਾ ਮਨ ਮੋਹਿਆ। ਪ੍ਰੋਗਰਾਮ ਦੀ ਸ਼ੁਰੂਆਤ ਗਣੇਸ਼ ਵੰਦਨਾ, ਮੋਹਨ ਸਤੁਤੀ ਅਤੇ ਸ਼ਿਵ ਵੰਦਨਾ ਨੂੰ ਸਮਰਪਿਤ ਕੱਥਕ ਨ੍ਰਿਤ ਦੀ ਪੇਸ਼ਕਾਰੀ ਨਾਲ ਕੀਤੀ ਗਈ। ਵੱਖ ਵੱਖ ਗਰੁੱਪਾਂ ਵਿੱਚ ਕੱਥਕ ਨ੍ਰਿਤ ਦੀ ਪੇਸ਼ਕਾਰੀ ਨੇ ਮਾਹੌਲ ਨੂੰ ਅਨੰਦਮਈ ਬਣਾ ਦਿੱਤਾ। ਸਟੂਡੀਓ ਅੰਤਰਾ ਨਾਲ ਜੁੜੇ ਬੱਚਿਆਂ ਨੇ ਦਾਦਰਾ ਤਾਲ ਵਿੱਚ ਨ੍ਰਿਤ ਦੀ ਬਹੁਤ ਹੀ ਜਟਿਲ ਪੇਸ਼ਕਾਰੀ ਰਾਹੀਂ ਦਰਸ਼ਕਾਂ ਨੂੰ ਅਵਾਕ ਕਰ ਦਿੱਤਾ।

ਕੱਥਕ ਨ੍ਰਿਤ ਦੇ ਨਾਲ ਨਾਲ ਸੈਮੀ-ਕਲਾਸਿਕਲ ਅਤੇ ਬਾਲੀਵੁੱਡ ਡਾਂਸ ਦਾ ਸੁੰਦਰ ਸੁਮੇਲ ਰਿਹਾ। ਜਿੱਥੇ ਉੱਚ ਉਮਰ ਵਰਗ ਨੇ ਆਪਣੀ ਨ੍ਰਿਤ ਕਲਾ ਦਾ ਲੋਹਾ ਮਨਵਾਇਆ, ਉੱਥੇ ਹੀ ਛੋਟੇ ਛੋਟੇ ਬੱਚਿਆਂ ਨੇ ਵੀ ਸੁੰਦਰ ਪੇਸ਼ਕਾਰੀ ਨਾਲ ਖ਼ੂਬ ਸਮਾਂ ਬੰਨਿਆ। ਪ੍ਰੋਗਰਾਮ ਦੀ ਸਮਾਪਤੀ ਸਾਲਸਾ ਡਾਂਸ ਦੀ ਖ਼ੂਬਸੂਰਤ ਪੇਸ਼ਕਾਰੀ ਨਾਲ ਕੀਤੀ ਗਈ। ਦਰਸ਼ਕਾਂ ਨਾਲ ਖਚਾਖਚ ਭਰੇ ਹੋਏ ਵਿਰਸਾ ਵਿਹਾਰ ਆਡੀਟੋਰੀਅਮ ਵਿੱਚ ਤਾਲੀਆਂ ਦੀ ਗੂੰਜ, ਚਿਹਰਿਆਂ ਦੀ ਮੁਸਕਾਨ ਅਤੇ ਨ੍ਰਿਤਕਾਂ ਦੇ ਭਾਵਾਂ ਦਾ ਅਨੋਖਾ ਸੰਗਮ ਇਸ ਸਮਾਗਮ ਦੀ ਸਫ਼ਲਤਾ ਨੂੰ ਬਾਖ਼ੂਬੀ ਬਿਆਨ ਕਰ ਰਿਹਾ ਸੀ। ਵਿਰਸਾ ਵਿਹਾਰ ਦੀ ਪ੍ਰਬੰਧਕੀ ਟੀਮ ਵੱਲੋਂ ਮੁੱਖ ਮਹਿਮਾਨਾਂ ਨੂੰ ਸਨਮਾਨਿਤ ਵੀ ਕੀਤਾ ਗਿਆ।

ਦਰਸ਼ਕਾਂ ਦੇ ਭਰਪੂਰ ਹੁੰਗਾਰੇ ਨੂੰ ਦੇਖਦੇ ਹੋਏ ਵਿਰਸਾ ਵਿਹਾਰ, ਜਲੰਧਰ ਦੇ ਵਾਇਸ ਚੇਅਰਮੈਨ ਸੰਗਤ ਰਾਮ ਨੇ ਕਿਹਾ ਕਿ ਅਸੀਂ ਆਉਣ ਵਾਲੇ ਸਮੇਂ ਵਿੱਚ ਸਟੂਡੀਓ “ਅੰਤਰਾ” ਨਾਲ ਮਿਲ ਕੇ ਇਸ ਤਰ੍ਹਾਂ ਦੇ ਵੱਧ ਤੋਂ ਵੱਧ ਸਮਾਗਮ ਆਯੋਜਿਤ ਕਰਾਂਗੇ, ਤਾਂਕਿ ਨ੍ਰਿਤ ਕਲਾ ਨੂੰ ਪ੍ਰੋਮੋਟ ਕੀਤਾ ਜਾ ਸਕੇ। ਉਨ੍ਹਾਂ ਆਏ ਹੋਏ ਸਾਰੇ ਕਲਾਕਾਰਾਂ ਅਤੇ ਦਰਸ਼ਕਾਂ ਦਾ ਧੰਨਵਾਦ ਕੀਤਾ।
ਇਸ ਮੌਕੇ ਤੇ ਅੰਤਰਰਾਸ਼ਟਰੀ ਪ੍ਰਸਿੱਧੀ ਪ੍ਰਾਪਤ ਸ਼ਾਇਰ ਜਨਾਬ ਖ਼ੁਸ਼ਬੀਰ ਸਿੰਘ ਸ਼ਾਦ, ਸ੍ਰੀਮਤੀ ਸ਼ਾਦ, ਸ੍ਰੀ ਰਮੇਸ਼ ਮੋਦਗਿੱਲ, ਮੇਜਰ ਜਨਰਲ (ਰਿਟਾ.) ਡਾ ਲਖਵਿੰਦਰ ਸਿੰਘ ਵੋਹਰਾ, ਮੈਡਮ ਰਮਨਪ੍ਰੀਤ ਕੌਰ, ਸ੍ਰੀਮਤੀ ਸੋਨੀਆ ਭਾਰਤੀ, ਸ੍ਰੀਮਤੀ ਵੰਦਨਾ ਸ਼ਰਮਾ, ਸ੍ਰੀ ਸਮੀਰ ਸ਼ਰਮਾ, ਸ੍ਰੀ ਅੰਕਿਤ ਜੈਨ, ਡਾ ਮੋਹਨ ਮਹਿਮੀ, ਸ੍ਰੀ ਸੁਖਵਿੰਦਰ ਬੈਂਸ, ਸ੍ਰੀਮਤੀ ਜਯੋਤੀ ਸੂਰੀ, ਸ੍ਰੀ ਰਾਜ ਕੁਮਾਰ ਸੂਰੀ, ਸ੍ਰੀ ਨੱਕਾਸ਼ ਚਿੱਤੇਵਾਣੀ, ਸ੍ਰੀ ਮਨਜੀਤ ਸਿੰਘ, ਸ੍ਰੀ ਨਵੀਨ ਮਹਿੰਦਰੂ, ਬੀਬਾ ਰੇਖਾ ਕੱਸ਼ਯਪ, ਸ੍ਰੀ ਪਵਨ ਅਤਰੀ ਅਤੇ ਸ੍ਰੀ ਤਰਸੇਮ ਲਾਲ ਵੀ ਹਾਜ਼ਰ ਸਨ।





