*ਰਜਵੰਤ ਕੌਰ ਸੈਣੀ ਦਾ ਲੇਖ “ਨਿਮਰਤਾ” । ਪੜ੍ਹਨ ਲਈ ਥੱਲੇ ਦਿੱਤੇ ਲਿੰਕ ਤੇ ਕਲਿੱਕ ਕਰੋ*

लाइफ्स्टाइल
Spread the love

ਸਾਨੂੰ ਹਮੇਸ਼ਾ ਨਿਮਰਤਾ ਰੂਪੀ ਗੁਣ ਨੂੰ ਉਜਾਗਰ ਕਰਨਾ ਚਾਹੀਦਾ ਹੈ।ਇਹ ਵਿਅਕਤੀਗਤ ਖ਼ੁਸ਼ੀ ਦੇ ਲਈ ਅਤੇ ਪ੍ਰਭਾਵਸ਼ਾਲੀ ਸਮਾਜਿਕ ਜੀਵਨ ਲਈ ਬਹੁਤ ਜ਼ਰੂਰੀ ਹੈ।ਨਿਮਰਤਾ ਦਾ ਅਰਥ ਹੈ ਨੀਵਾਂ ਹੋਣਾ,ਨਿਊਣਾ ਬੇਹੱਦ ਹਲੀਮੀ ਤੇ ਠਰ੍ਹਮੇ ਨਾਲ ਦੂਜੇ ਨਾਲ ਪੇਸ਼ ਆਉਣਾ ਹੈ।ਆਪਣੇ-ਆਪ ਨੂੰ ਕਦੇ ਵੀ ਜ਼ਿਆਦਾ ਬੁੱਧੀਮਾਨ,ਚਲਾਕ ਅਤੇ ਸੁੰਦਰ ਨਾ ਸਮਝੋ।ਨਿਮਰਤਾ ਸਾਦਗੀ ਅਤੇ ਸ਼ਾਂਤੀ ਦਾ ਹੀ ਰੂਪ ਹੈ।ਸਾਡੇ ਅੰਦਰ ਕਦੇ ਕਿਸੇ ਗੱਲ ਦਾ ਹੰਕਾਰ ਨਹੀਂ ਹੋਣਾ ਚਾਹੀਦਾ।ਹੰਕਾਰ ਦੀਆਂ ਜੜ੍ਹਾਂ ਮਤਲਬ ਅਤੇ ਧੋਖੇ ਵਿੱਚ ਗ੍ਰਸਤ ਹੁੰਦੀਆਂ ਹਨ।ਹੰਕਾਰ ਕਰਨ ਵਾਲਾ ਵਿਅਕਤੀ ਦੂਜਿਆਂ ਦਾ ਗੁਲਾਮ ਹੁੰਦਾ ਹੈ ।ਬਹੁਤ ਸਾਰੇ ਹੰਕਾਰੀ ਵਿਅਕਤੀ ਮੂਰਖ ਅਤੇ ਖੋਖਲੇ ਹੁੰਦੇ ਹਨ।ਇਹ ਹੰਕਾਰ ਅਤੇ ਅਗਿਆਨ ਨਾਲ ਪੈਦਾ ਹੁੰਦਾ ਹੈ।
ਨਿਮਰਤਾ ਹੰਕਾਰ ਅਤੇ ਘਮੰਡ ਦੀ ਦਵਾਈ ਹੈ।ਹਮੇਸ਼ਾ ਮਹਾਨ ਲੋਕਾਂ ਦੀਆਂ ਸਫ਼ਲਤਾਵਾਂ ਨਾਲ ਆਪਣੀ ਤੁਲਨਾ ਕਰਕੇ ਨਿਮਰਤਾ ਵਿੱਚ ਰਹਿਣ ਦਾ ਯਤਨ ਕਰਨਾ ਚਾਹੀਦਾ ਹੈ।ਉੱਚਾ ਊਠ ਤਦ ਤੱਕ ਹੰਕਾਰੀ ਅਤੇ ਘਮੰਡੀ ਸੀ ਜਦੋਂ ਤੱਕ ਉਸਨੇ ਪਹਾੜ ਨਹੀਂ ਸੀ ਦੇਖਿਆ।ਹਮੇਸ਼ਾ ਉਹਨਾਂ ਲੋਕਾਂ ਦੀ ਸੰਗਤ ਕਰੋ ਜਿਹਨਾਂ ਨੇ ਆਪਣੇ ਜੀਵਨ ਵਿੱਚ ਬੁਲੰਦੀਆਂ ਹਾਸਲ ਕੀਤੀਆਂ ਹਨ।ਅਜਿਹਾ ਕਰਨ ਨਾਲ ਤੁਸੀਂ ਜ਼ਿਆਦਾ ਨਿਮਰਤਾ ਵਿੱਚ ਰਹਿਣਾ ਸਿੱਖਦੇ ਹੋ।ਨਿਮਰਤਾ ਵਿੱਚ ਰਹਿਣ ਨਾਲ ਕਦੇ ਵੀ ਸਾਡਾ ਮਾਣ ਘਟਦਾ ਨਹੀਂ ਸਗੋਂ ਵੱਧਦਾ ਹੈ।ਜਿਵੇਂ ਫਲਾਂ ਨਾਲ ਲੱਦੇ ਰੁੱਖ ਹਮੇਸ਼ਾ ਨੀਵੇਂ ਹੁੰਦੇ ਹਨ ਉਸੇ ਤਰ੍ਹਾਂ ਗੁਣਾਂ ਨਾਲ ਭਰੇ ਮਨੁੱਖ ਹਮੇਸ਼ਾ ਨਿਮਰਤਾ ਦੇ ਧਾਰਨੀ ਹੁੰਦੇ ਹਨ।
ਹੰਕਾਰੀ ਆਦਮੀ ਦਾ ਕੋਈ ਵੀ ਸਤਿਕਾਰ ਨਹੀਂ ਕਰਦਾ ਜਿਵੇਂ ਸਿੰਮਲ ਦਾ ਰੁੱਖ ਬਹੁਤ ਲੰਮਾ ਤੇ ਲੁਭਾਉਣੇ ਫਲਾਂ ਵਾਲਾ ਹੁੰਦਾ ਹੈ ,ਪਰ ਇਸ ਦੇ ਫਲ ਅਤੇ ਪੱਤੇ ਬੇਸੁਆਦੇ ਹੋਣ ਕਾਰਨ ਕਿਸੇ ਦੇ ਕੰਮ ਨਹੀਂ ਆਉਂਦੇ। ਹੰਕਾਰ ਤੁਹਾਡੇ ਵਿਅਕਤਿਤਵ ਦੇ ਵਿਕਾਸ ਵਿੱਚ ਰੁਕਾਵਟ ਬਣਦਾ ਹੈ। ਤੁਸੀਂ ਕਦੇ ਵੀ ਜ਼ਿੰਦਗੀ ਵਿੱਚ ਉੱਪਰ ਨਹੀਂ ਉੱਠ ਸਕਦੇ।ਕਿਉਂਕਿ ਨਿਮਰਤਾ ਤੋਂ ਬਿਨਾਂ ਸਾਡਾ ਜੀਵਨ ਦੁਜਿਆਂ ਲਈ ਅਰਥਹੀਣ ਤੇ ਆਸ਼ਾਹੀਣ ਹੁੰਦਾ ਹੈ।ਜੇਕਰ ਤੁਸੀਂ ਕੋਈ ਅਜਿਹਾ ਕੰਮ ਕੀਤਾ ਹੈ ਜੋ ਕਿ ਸਲਾਹੁਣਯੋਗ ਹੈ ਜਿਸਦੀ ਤਾਰੀਫ਼ ਹੋਣੀ ਚਾਹੀਦੀ ਹੈ ਤਾਂ ਇਸ ਸੰਬੰਧੀ ਖੁਦ ਨਾਲ ਗੱਲ-ਬਾਤ ਕਰੋ।ਤੁਸੀਂ ਜਾਣ ਸਕੋਗੇ ਕਿ ਦੂਜੇ ਇਸ ਬਾਰੇ ਪਹਿਲਾਂ ਤੋਂ ਜਾਣਦੇ ਹਨ ਜਾਂ ਨਹੀਂ।ਇਸ ਤਰ੍ਹਾਂ ਤੁਸੀਂ ਨਿਮਰਤਾ ਵਿੱਚ ਰਹਿ ਕੇ ਆਪਣਾ ਕੁੱਝ ਵੀ ਨਹੀਂ ਗਵਾਉਂਦੇ।ਤੁਹਾਡੇ ਅੰਦਰ ਦਾ ਗੁਣ ਜ਼ਿਆਦਾ ਸਮਾਂ ਲੁਕਿਆ ਨਹੀਂ ਰਹਿ ਸਕਦਾ।ਤੁਹਾਨੂੰ ਖੁ ਦਇਸ ਗੱਲ ਦਾ ਜ਼ਿਕਰ ਨਹੀਂ ਕਰਨਾ ਚਾਹੀਦਾ।
ਨਿਮਰਤਾ ਦੀ ਝਲਕ ਸਾਡੇ ਰੋਜ਼ਾਨਾ ਦੇ ਕੰਮ-ਕਾਰ ,ਬੋਲ-ਚਾਲ ਅਤੇ ਪਹਿਰਾਵੇ ਮਿਲਦੀ ਹੈ।ਨਿਮਰਤਾ ਵਿੱਚ ਰਹਿਣ ਵਾਲੇ ਵਿਅਕਤੀ ਦੇ ਅੰਦਰ ਦਾ ਗਿਆਨ ਛੁਪਿਆ ਨਹੀਂ ਰਹਿੰਦਾ।ਉਸਦਾ ਗਿਆਨ ਉਜਾਗਰ ਹੋ ਹੀ ਜਾਂਦਾ ਹੈ।ਹੰਕਾਰੀ ਵਿਅਕਤੀ ਦਿਖਾਵੇ ਭਰਪੂਰ ਜੀਵਨ ਨੂੰ ਜਿਉਂਦਾ ਹੈ ।ਹੰਕਾਰ ਉਸ ਦੇ ਵਿਕਾਸ ਨੂੰ ਰੋਕਦਾ ਹੈ ,ਸਵੈ-ਪ੍ਰਸੰਸਾ ਕਰਨ ਵਾਲੇ ਲੋਕ ਸਾਰੀਆਂ ਸਭਾ-ਸੁਸਾਇਟੀਆਂ ਵਿੱਚ ਘੁੰਮਦੇ ਨਜ਼ਰ ਆਉਂਦੇ ਹਨ।ਉਹ ਹਮੇਸ਼ਾ ਅਹੁਦਾ ਪਾਉਣ ਦੇ ਲਈ ਗੁਪਤ ਸਲਾਹਾਂ ਕਰਦੇ ਹਨ ਅਤੇ ਭਾਸ਼ਣ ਆਦਿ ਨਾਲ ਪ੍ਰਭਾਵਿਤ ਕਰਨ ਦੀ ਕੋਸ਼ਿਸ਼ ਕਰਦੇ ਹਨ।ਨਿਮਰਤਾ ਵਿੱਚ ਰਹਿਣ ਵਾਲਾ ਵਿਅਕਤੀ ਮਨ ਨੀਵਾਂ ਮੱਤ ਉਚੀ ਸੰਕਲਪ ਦਾ ਵਿਸ਼ਵਾਸ ਰੱਖਦਾ ਹੈ।ਨਿਮਰਤਾ ਵਿੱਚ ਰਹਿਣ ਨਾਲ ਬਹੁਤ ਸਾਰੇ ਝਗੜੇ ਨਿਪਟ ਜਾਂਦੇ ਹਨ।
ਕੁੱਝ ਵਿਅਕਤੀ ਆਪਣੀ ਇੱਛਾ ਅਨੁਸਾਰ ਜਿਉਣਾ ਚਾਹੁੰਦੇ ਹਨ ,ਉਹਨਾਂ ਅੰਦਰ ਦੂਜਿਆਂ ਪ੍ਰਤੀ ਅਸਹਿਯੋਗ ਵਾਲੀ ਭਾਵਨਾ ਹੁੰਦੀ ਹੈ।ਉਹ ਕਿਸੇ ਤਰ੍ਹਾਂ ਦੇ ਸਮਝੌਤੇ ਲਈ ਤਿਆਰ ਨਹੀਂ ਹੁੰਦੇ।ਪਰ ਸਮਝੌਤਾ ਸਹਿਯੋਗ ਦਾ ਪਹਿਲਾ ਕਦਮ ਹੈ।ਕਿਸੇ ਵੀ ਅੰਦੋਲਨ ਇਕਜੁਟ ਹੋ ਕੇ ਕੰਮ ਕਰਨ ਲਈ ਸਮਝੌਤਾ ਹੋਣਾ ਬਹੁਤ ਜ਼ਰੂਰੀ ਹੈ।ਇਸ ਤਰ੍ਹਾਂ ਕੁਸ਼ਲਤਾ ਅਤੇ ਤਾਕਤ ਸਮਾਜਿਕ ਵਿਕਾਸ ਦੇ ਲਈ ਜ਼ਰੂਰੀ ਹੈ।ਸਾਨੂੰ ਨਿਮਰਤਾ ਦੇ ਧਾਰਨੀ ਬਣਨਾ ਚਾਹੀਦਾ ਹੈ ਤਾਂ ਹੀ ਅਸੀਂ ਆਪਣੇ ਸਾਥੀਆਂ ਦੇ ਸਹਿਯੋਗੀ ਬਣ ਸਕਦੇ ਹਾਂ।ਇਸ ਤਰ੍ਹਾਂ ਕਰਨ ਨਾਲ ਅਸੀਂ ਇਸ ਧਰਤੀ ਤੇ ਸਵਰਗ ਬਣਾ ਸਕਦੇ ਹਾਂ।ਨਿਮਰਤਾ ਦਾ ਗੁਣ ਧਾਰਨ ਕਰੀਏ ਅਤੇ ਇਕ ਚੰਗੇ ਸਮਾਜ ਦੀ ਸਿਰਜਣਾ ਕਰੀਏ।

ਰਜਵੰਤ ਕੌਰ ਸੈਣੀ
ਪੰਜਾਬੀ ਮਿਸਟੈ੍ਰਸ
8872299945
rajwantk1979@gmail.com

Leave a Reply

Your email address will not be published. Required fields are marked *