ਜਲੰਧਰ,12 ਫਰਵਰੀ (ਦਾ ਮਿਰਰ ਪੰਜਾਬ)ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਪੰਜਾਬ ਆ ਕੇ ਚੋਣ ਰੈਲੀਆਂ ਕਰਨ ‘ਤੇ ਤਿੱਖੀ ਪ੍ਰਤੀਕ੍ਰਿਆ ਦਿੰਦਿਆ ਸਿੱਖਿਆ ਮੰਤਰੀ ਪਰਗਟ ਸਿੰਘ ਨੇ ਕਿਹਾ ਕਿ ਉਹ ਪਹਿਲਾਂ ਕਿਸਾਨੀ ਅੰਦੋਲਨ ਵਿੱਚ ਸ਼ਹੀਦ ਹੋਏ ਪਰਿਵਾਰਾਂ ਦੇ ਘਰਾਂ ਵਿੱਚ ਜਾ ਕੇ ਮੁਆਫ਼ੀ ਮੰਗਣ।ਜਲੰਧਰ ਛਾਉਣੀ ਤੋਂ ਚੋਣ ਲੜ ਰਹੇ ਪਰਗਟ ਸਿੰਘ ਨੇ ਵੱਖ-ਵੱਖ ਪਿੰਡਾਂ ਵਿੱਚ ਕੀਤੀਆਂ ਚੋਣ ਮੀਟਿੰਗਾਂ ਨੂੰ ਸੰਬੋਧਨ ਕਰਦਿਆ ਕਿਹਾ ਕਿ ਖੇਤੀ ਦੇ ਕਾਲੇ ਕਾਨੂੰਨਾਂ ਨੂੰ ਵਾਪਸ ਕਰਵਾਉਣ ਲਈ ਕਿਸਾਨ ਦਿੱਲੀ ਦੀਆਂ ਸਰਹੱਦਾਂ ‘ਤੇ ਸਾਲ ਤੋਂ ਵੱਧ ਸਮਾਂ ਧਰਨਾ ਲਾ ਕੇ ਬੈਠੇ ਰਹੇ ਸਨ।ਦੇਸ਼ ਦੇ ਇਸ ਇਤਿਹਾਸਕ ਅੰਦੋਲਨ ਦੌਰਾਨ 700 ਤੋਂ ਵੱਧ ਕਿਸਾਨਾਂ ਨੇ ਆਪਣੀ ਸ਼ਾਹਦਤ ਦਿੱਤੀ ਸੀ।

ਪਰਗਟ ਸਿੰਘ ਨੇ ਸਵਾਲ ਕਰਦਿਆ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਪੰਜਾਬ ਵਿੱਚ ਵੋਟਾਂ ਕਿਹੜੇ ਮੂੰਹ ਨਾਲ ਮੰਗ ਰਹੇ ਹਨ ਜਦ ਕੇਂਦਰ ਸਰਕਾਰ 700 ਤੋਂ ਵੱਧ ਕਿਸਾਨਾਂ ਦੇ ਘਰਾਂ ਵਿੱਚ ਸੱਥਰ ਵਿਛਾਉਣ ਲਈ ਸਿੱਧੇ ਤੌਰ ‘ਤੇ ਜੁੰਮੇਵਾਰ ਰਹੀ ਹੈ।ਉਨ੍ਹਾਂ ਕਿਹਾ ਕਿ ਜਿਹੜੇ ਕਿਸਾਨ ਸ਼ਹੀਦ ਹੋਏ ਹਨ ਉਨ੍ਹਾਂ ਦੇ ਘਰਾਂ ਵਿੱਚ ਭਾਜਪਾ ਦਾ ਇੱਕ ਵੀ ਆਗੂ ਅੱਜ ਤੱਕ ਦੱੂਖ ਪ੍ਰਗਟਾਉਣ ਲਈ ਨਹੀਂ ਗਿਆ।
ਪਰਗਟ ਸਿੰਘ ਨੇ ਕਿਹਾ ਕਿ ਭਾਜਪਾ ਦੀ ਕੇਂਦਰ ਸਰਕਾਰ ਖੇਤੀ ਦੇ ਤਿੰਨ ਕਾਲੇ ਕਾਨੂੰਨ ਨਾ ਲਿਆਉਂਦੀ ਤਾਂ ਅੱਜ ਸ਼ਾਹਦਤ ਪ੍ਰਾਪਤ ਕਰਨ ਵਾਲੇ ਕਿਸਾਨ ਵੀ ਆਪਣੇ ਪਰਿਵਾਰਾਂ ਵਿੱਚ ਹੱਸਦੇ ਖੇਡਦੇ ਨਜ਼ਰ ਆਉਣੇ ਸਨ।ਉਨ੍ਹਾਂ ਕਿਹਾ ਕਿ ਖੇਤੀ ਦੇ ਕਾਲੇ ਕਾਨੂੰਨ ਪਾਸ ਕਰਵਾਉਣ ਵਿੱਚ ਸ਼੍ਰੋਮਣੀ ਅਕਾਲੀ ਦਲ ਨੇ ਵੀ ਵੱਡੀ ਭੁਮਿਕਾ ਨਿਭਾਈ ਸੀ ਕਿਉਂਕਿ ਬਾਦਲ ਪਰਿਵਾਰ ਪੰਜਾਬ ਦੇ ਕਿਸਾਨਾਂ ਨੂੰ ਆਪਣੀ ਵੋਟ ਬੈਂਕ ਦੀ ਪੱਕੀ ਫਸਲ ਸਮਝਦਾ ਆ ਰਿਹਾ ਸੀ।
ਕਾਂਗਰਸ ਦੀ ਸੀਨੀਅਰ ਨੇਤਾ ਅਤੇ ਮੈਂਬਰ ਪਾਰਲੀਮੈਂਟ ਮੈਡਮ ਰਣਜੀਤ ਰੰਜਨ ਨੇ ਪਰਗਟ ਸਿੰਘ ਦੀ ਚੋਣ ਮੁਹਿੰਮ ਵਿੱਚ ਭਾਗ ਲੈਂਦੇ ਹੋਏ ਸੋਫੀ ਪਿੰਡ ਵਿੱਚ ਭਰਵੀਂ ਮੀਟਿੰਗ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਨਰਿੰਦਰ ਮੋਦੀ ਨੇ ਦੇਸ਼ ਨੂੰ ਕੁਝ ਇਕ ਵੱਡੇ ਘਰਾਣਿਆਂ ਕੋਲ ਵੇਚ ਦਿੱਤਾ ਹੈ। ਇਸ ਸਮੇਂ ਭਾਰਤੀ ਜਨਤਾ ਪਾਰਟੀ ਵਲੋਂ ਦੇਸ਼ ਵਿੱਚ ਲੋਕਤੰਤਰ ਦਾ ਘਾਣ ਕੀਤਾ ਜਾ ਰਿਹਾ ਹੈ। ਜਿਸ ਦਾ ਵੱਡਾ ਨੁਕਸਾਨ ਦੇਸ਼ ਦੀ ਜਨਤਾ ਨੂੰ ਹੋ ਰਿਹਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦੇਸ਼ ਦਾ ਪ੍ਰਮੁੱਖ ਸੂਬਾ ਹੋਣ ਕਰਕੇ ਮੋਦੀ ਵਲੋਂ ਇਸ ਨੂੰ ਆਪਣੇ ਅਧੀਨ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਪਰ ਪੰਜਾਬ ਦੀ ਜਨਤਾ ਨੇ ਫੈਸਲਾ ਕਰਨਾ ਹੈ ਕਿ ਉਨ੍ਹਾਂ ਨੇ ਹੋਰ ਨੁਕਸਾਨ ਸਹਿਣਾ ਹੈ ਜਾਂ ਨਹੀਂ। ਜੇਕਰ ਆਪਣੇ ਆਪ ਨੂੰ ਬਚਾਉਣਾ ਹੈ ਤਾਂ ਕਾਂਗਰਸ ਨੂੰ ਵੋਟਾਂ ਪਾ ਕੇ ਪੰਜਾਬ ਵਿੱਚ ਸਰਕਾਰ ਬਣਾਉਣ ਦੀ ਜ਼ਰੂਰਤ ਹੈ।
ਜ਼ਿਕਰਯੋਗ ਹੈ ਕਿ ਹੁਣ ਜਦੋਂ ਪੰਜਾਬ ਵਿੱਚ ਚੋਣ ਪ੍ਰਚਾਰ ਸਿਖ਼ਰਾਂ ਵੱਲ ਵੱਧ ਰਿਹਾ ਹੈ ਤਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜਲੰਧਰ, ਪਠਾਨਕੋਟ ਤੇ ਅਬੋਹਰ ਵਿੱਚ ਚੋਣ ਰੈਲੀਆਂ ਕਰਨ ਲਈ ਆ ਰਹੇ ਹਨ।ਉਨ੍ਹਾਂ ਦੀ ਪਹਿਲੀ ਰੈਲੀ 14 ਫਰਵਰੀ ਨੂੰ ਜਲੰਧਰ ਹੋ ਰਹੀ ਹੈ।
ਪਰਗਟ ਸਿੰਘ ਨੇ ਦਾਅਵਾ ਕੀਤਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀਆਂ ਚੋਣ ਰੈਲੀਆਂ ਕਾਮਜਾਬ ਨਹੀਂ ਹੋਣਗੀਆਂ ਕਿਉਂਕਿ ਭਾਜਪਾ ਸਰਕਾਰ ਦੇ ਹੱਥ ਕਿਸਾਨਾਂ ਦੇ ਖੂਨ ਨਾਲ ਰੰਗੇ ਹੋਏ ਹਨ। ਪਰਗਟ ਸਿੰਘ ਨੇ ਲੋਕਾਂ ਯਾਦ ਕਰਵਾਇਆ ਕਿ ਕਿਵੇਂ ਭਾਜਪਾ ਦੇ ਕੇਂਦਰੀ ਮੰਤਰੀ ਦੇ ਮੁੰਡੇ ਨੇ ਲਖੀਮਪੁਰ ਖੀਰੀ ਵਿੱਚ ਕਿਸਾਨਾਂ ਤੇ ਆਪਣੀ ਗੱਡੀ ਚੜ੍ਹਾ ਕੇ ਚਾਰ ਜਣਿਆਂ ਦਾ ਕਤਲ ਕਰ ਦਿੱਤਾ ਸੀ।ਮੰਤਰੀ ਦਾ ਦੋਸ਼ੀ ਮੁੰਡਾ ਹੁਣ ਜੇਲ੍ਹ ਵਿੱਚੋਂ ਬਾਹਰ ਵੀ ਆ ਗਿਆ ਹੈ।ਉਨਾ ਕਿਹਾ ਕਿ
ਕਾਂਗਰਸ ਦੀ ਲੜਾਈ ਭਾਜਪਾ ਨਾਲ ਨਹੀਂ ਸਗੋਂ ਕੇਂਦਰ ਦੀ ਸਰਕਾਰ ਨਾਲ ਹੈ ਕਿਉਂਕਿ ਭਾਜਪਾ ਨੇ ਕਾਂਗਰਸ ਵਿਰੁੱਧ ਕੇਂਦਰੀ ਏਜੰਸੀਆਂ ਸਮੇਤ ਹੋਰ ਸਾਰੀ ਸਰਕਾਰੀ ਮਸ਼ੀਨਰੀ ਨੂੰ ਚੋਣ ਮੈਦਾਨ ਵਿੱਚ ਉਤਾਰਿਆ ਹੋਇਆ ਹੈ।ਪੰਜਾਬ ਵਿੱਚ ਭਾਜਪਾ ਦੇ ਪੈਰ ਇਸ ਕਰਕੇ ਨਹੀਂ ਲੱਗ ਰਹੇ ਕਿਉਂਕਿ ਇੱਥੇ ਦੇ ਲੋਕ ਜਾਣਦੇ ਹਨ ਕਿ ਭਾਜਪਾ ਕਿਵੇਂ ਲੋਕਾਂ ਨੂੰ ਫਿਰਕੂ ਅਧਾਰ ‘ਤੇ ਵੰਡਣਾ ਚੁਹੰਦੀ ਹੈ।
ਪਰਗਟ ਸਿੰਘ ਨੇ ਸ਼੍ਰੋਮਣੀ ਅਕਾਲੀ ਦਲ ਨੇ ਭਾਜਪਾ ਉਮੀਦਵਾਰਾਂ ਦੇ ਮੁਕਾਬਲੇ ਬਹੁਤ ਹੀ ਕਮਜ਼ੋਰ ਉਮੀਦਵਾਰ ਚੋਣ ਮੈਦਾਨ ਵਿੱਚ ਉਤਾਰੇ ਹਨ।ਉਨ੍ਹਾਂ ਕਿਹਾ ਕਿ ਸ਼ਹਿਰ ਦੀਆਂ ਸਾਰੀਆਂ ਸੀਟਾਂ ‘ਤੇ ਅਕਾਲੀ ਦਲ ਦੇ ਉਮੀਦਵਾਂਰ ‘ਤੇ ਨਜ਼ਰ ਮਾਰ ਕੇ ਦੇਖੋ ਤਾਂ ਬਹੁਤ ਸਾਰੀਆਂ ਗੱਲਾਂ ਸਪੱਸ਼ਟ ਹੋ ਜਾਂਦੀਆਂ ਹਨ। ਉਨ੍ਹਾਂ ਜਲੰਧਰ ਛਾਉਣੀ ਤੋਂ ਭਾਜਪਾ ਦੀ ਟਿਕਟ ‘ਤੇ ਚੋਣ ਲੜ ਰਹੇ ਸਰਬਜੀਤ ਸਿੰਘ ਮੱਕੜ ਮਨ ਕਰਕੇ ਅਕਾਲੀ ਆਗੂ ਹਨ ‘ਤੇ ਉਨ੍ਹਾਂ ਨੂੰ ਸੁਖਬੀਰ ਬਾਦਲ ਨੇ ਭਾਜਪਾ ਵਿੱਚ ਡੈਪੂਟੇਸ਼ਨ ‘ਤੇ ਭੇਜਿਆ ਹੋਇਆ ਹੈ।ਜਲੰਧਰ ਸ਼ਹਿਰ ਦੀਆਂ ਹੋਰ ਤਿੰਨ ਸੀਟਾਂ ‘ਤੇ ਵੀ ਅਕਾਲੀ ਦਲ ਨੇ ਕਮਜ਼ੋਰ ਉਮੀਦਵਾਰ ਇਸ ਕਰਕੇ ਚੋਣ ਮੈਦਾਨ ਵਿੱਚ ਉਤਾਰੇ ਹਨ ਤਾਂ ਜੋ ਭਾਜਪਾ ਨੂੰ ਇਸ ਦਾ ਲਾਭ ਮਿਲ ਸਕੇ।ਪਰਗਟ ਸਿੰਘ ਨੇ ਕਿਹਾ ਕਿ ਪਰ ਲੋਕ ਸਭ ਜਾਣਦੇ ਹਨ ਕਿ ਅਕਾਲੀ ਦਲ ਭਾਜਪਾ ਨਾਲ ਮੁੜ ਰਾਜਨੀਤਿਕ ਰਿਸ਼ਤੇ ਜੋੜਨ ਲਈ ਤਰਲੋਮੱਛੀ ਹੋ ਰਿਹਾ ਹੈ।





