ਤਲਵਾਡ਼ਾ,24 ਨਵੰਬਰ (ਦੀਪਕ ਠਾਕੁਰ)-ਅੱਜ ਪੁਰਾਣੀ ਬਹਾਲੀ ਸੰਘਰਸ਼ ਕਮੇਟੀ, ਪੰਜਾਬ ਦੇ ਸੱਦੇ ’ਤੇ ਬਲਾਕ ਹਾਜੀਪੁਰ ਅਤੇ ਤਲਵਾਡ਼ਾ ਦੀਆਂ ਕਮੇਟੀਆਂ ਵੱਲੋਂ ਪੰਜਾਬ ਸਰਕਾਰ ਦੇ ਲਾਅਰਿਆਂ ਦੀ ਪੰਡ ਫੂਕ ਕੇ ਰੋਸ ਮੁਜ਼ਾਹਰੇ ਕੀਤੇ ਗਏ। ਸਥਾਨਕ ਬੀਡੀਪੀਓ ਕੰਪਲੈਕਸ ਅਤੇ ਬੀਪੀਈਓ ਦਫ਼ਤਰ ਹਾਜੀਪੁਰ ਵਿਖੇ ਇਕੱਤਰ ਵੱਖ ਵੱਖ ਵਿਭਾਗਾਂ ਦੇ ਐਨਪੀਐਸ ਮੁਲਾਜ਼ਮਾਂ ਨੇ ਨਵੀਂ ਪੈਨਸ਼ਨ ਯੋਜਨਾ ਰੱਦ ਕਰ ਪੁਰਾਣੀ ਪੈਨਸ਼ਨ ਬਹਾਲ ਦੀ ਮੰਗ ਕੀਤੀ। ਇਸ ਮੌਕੇ ਸੂਬਾ ਕਨਵੀਨਰ ਜਸਵੀਰ ਤਲਵਾਡ਼ਾ, ਬਲਾਕ ਹਾਜੀਪੁਰ ਕਨਵੀਨਰ ਅਮਨਦੀਪ ਗੌਤਮ, ਬਲਾਕ ਤਲਵਾਡ਼ਾ ਕਨਵੀਨਰ ਮਨਮੋਹਨ ਸਿੰਘ, ਸੁਭਾਸ਼ ਠਾਕੁਰ, ਵਰਿੰਦਰ ਵਿੱਕੀ, ਸ਼ਸ਼ੀਕਾਂਤ, ਸੱਤ ਪ੍ਰਕਾਸ਼ ਆਦਿ ਬੁਲਾਰਿਆਂ ਨੇ ਖੇਤੀ ਕਾਨੂੰਨਾਂ ਖ਼ਿਲਾਫ਼ ਕਿਸਾਨੀ ਅੰਦੋਲਨ ਦੀ ਸ਼ਾਨਦਾਰ ਜਿੱਤ ਨੂੰ ਲਾਮਿਸਾਲ ਦੱਸਿਆ, ਕਿਸਾਨੀ ਸੰਘਰਸ਼ ਨੇ ਪੂਰੀ ਦੁਨੀਆਂ ਵਿੱਚ ਮਿਸਾਲ ਪੈਦਾ ਕੀਤੀ ਹੈ। ਕੇਂਦਰ ਤੇ ਰਾਜ ਸਰਕਾਰ ਲਗਾਤਾਰ ਕਾਰਪੋਰੇਟ ਦਬਾਅ ਹੇਠਾਂ ਮੁਲਾਜ਼ਮ ਵਰਗ ਨਾਲ ਧੱਕਾ ਕਰ ਜਨਤਕ ਅਦਾਰੇ ਕੌਡੀਆਂ ਦੇ ਭਾਅ ਵੇਚ ਰਹੀ ਹੈ, ਇਸੇ ਕਡ਼ੀ ਤਹਿਤ ਸਰਕਾਰਾਂ ਨੇ 2004 ‘ਚ ਮੁਲਾਜ਼ਮਾਂ ਤੋਂ ਪੁਰਾਣੀ ਪੈਨਸ਼ਨ ਸਕੀਮ ਖੋਹ ਕੇ ਜ਼ਬਰੀ ਨਵੀਂ ਪੈਨਸ਼ਨ ਯੋਜਨਾ ਥੋਪ ਦਿੱਤੀ। 2004 ਤੋਂ ਬਾਅਦ ਭਰਤੀ ਮੁਲਾਜ਼ਮ ਸੇਵਾਮੁਕਤੀ ਉਪਰੰਤ ਆਪਣਾ ਬੁਢਾਪਾ ਗੁਰਬਤ ਵਿੱਚ ਜਿਉਣ ਲਈ ਮਜ਼ਬੂਰ ਹੋ ਗਏ ਹਨ। ਮੌਜ਼ੂਦਾ ਰਾਜ ਸਰਕਾਰ ਨੇ ਵਿਧਾਨ ਸਭਾ ਚੋਣਾਂ ਦੌਰਾਨ ਐਨਪੀਐਸ ਮੁਲਾਜ਼ਮਾਂ ਨਾਲ ਪੁਰਾਣੀ ਪੈਨਸ਼ਨ ਬਹਾਲ ਕਰਨ ਦਾ ਵਾਅਦਾ ਕੀਤਾ ਸੀ, ਪਰ ਪੌਣੇ ਪੰਜ ਸਾਲ ਦੇ ਬੀਤ ਜਾਣ ਬਾਅਦ ਚੰਨੀ ਸਰਕਾਰ ਆਪਣਾ ਵਾਅਦਾ ਪੂਰਾ ਕਰਨ ‘ਚ ਨਾਕਾਮ ਰਹੀ ਹੈ। ਸਰਕਾਰ ਦੀ ਵਾਅਦਾ ਖ਼ਿਲਾਫ਼ੀ ਵਿਰੁਧ ਪੁਰਾਣੀ ਪੈਨਸ਼ਨ ਬਹਾਲੀ ਸੰਘਰਸ਼ ਕਮੇਟੀ ,ਪੰਜਾਬ ਦੇ ਸੱਦੇ ’ਤੇ ਐਨਪੀਐਸ ਮੁਲਾਜ਼ਮ ਬਲਾਕ ਪੱਧਰ ’ਤੇ ‘ ਕਾਂਗਰਸ ਦੇ ਲਾਅਰਿਆਂ ਦੀ ਪੰਡ’ ਫੁੂਕ ਕੇ ਰੋਸ ਪ੍ਰਗਟ ਕਰ ਰਹੇ ਹਨ। ਸੂਬਾ ਕਨਵੀਨਰ ਜਸਵੀਰ ਤਲਵਾਡ਼ਾ ਨੇ ਦੱਸਿਆ ਕਿ ਸਟੇਟ ਕਮੇਟੀ ਨੇ 24 ਨਵੰਬਰ ਤੋਂ 4 ਦਸੰਬਰ ਤੱਕ ਮੁੱਖ ਮੰਤਰੀ ਤੇ ਵਿੱਤ ਮੰਤਰੀ ਪੰਜਾਬ ਅਤੇ ਪੰਜਾਬ ਕਾਂਗਰਸ ਪ੍ਰਧਾਨ ਨਵਜੋਤ ਸਿੱਧੂ ਦੇ ਜ਼ਿਲ੍ਹਾ ਪੱਧਰੀ ਕੀਤੇ ਜਾਣ ਵਾਲੇ ਕਿਸੇ ਵੀ ਜਨਤਕ ਸਮਾਗਮਾਂ ‘ਚ ਕਾਲੀਆਂ ਝੰਡੀਆਂ ਨਾਲ ਸਵਾਗਤ ਕਰਨ ਦਾ ਐਲਾਨ ਕੀਤਾ ਹੈ। 5 ਦਸੰਬਰ ਨੂੰ ਮੋਰਿੰਡਾ ਵਿਖੇ ਸੂਬਾ ਪੱਧਰੀ ‘ਪੈਨਸ਼ਨ ਅਧਿਕਾਰ ਮਹਾਂਰੈਲੀ ’ ਕੀਤੀ ਜਾਵੇਗੀ ਹੈ। ਐਨਪੀਐਸ ਮੁਲਾਜ਼ਮਾਂ ਦੀ ਮੰਗ ਨੂੰ ਅਣਗੋਲਿਆਂ ਕਰਨ ਦਾ ਖ਼ਮਿਆਜ਼ਾ ਕਾਂਗਰਸ ਨੂੰ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ‘ਚ ਭੁਗਤਣਾ ਪਵੇਗਾ।





