ਅੰਮ੍ਰਿਤਸਰ 12 ਜਨਵਰੀ ( ਦਾ ਮਿਰਰ ਪੰਜਾਬ) ਪੰਜਾਬ ਭਾਜਪਾ ਇੰਚਾਰਜ ਤੇ ਕੇਂਦਰੀ ਮੰਤਰੀ ਗਜਿੰਦਰ ਸਿੰਘ ਸ਼ੇਖਾਵਤ ਅਤੇ ਸ੍ਰੀ ਸੋਮ ਪ੍ਰਕਾਸ਼ ਅਤੇ ਮੈਂਬਰ ਪਾਰਲੀਮੈਂਟ ਪਦਮ ਸ਼੍ਰੀ ਹੰਸਰਾਜ ਹੰਸ ਦੀ ਮੌਜੂਦਗੀ ਚ ਦਮਦਮੀ ਟਕਸਾਲ ਦੇ ਬੁਲਾਰੇ, ਸਿੱਖ ਸਟੂਡੈਂਟਸ ਫੈਡਰੇਸ਼ਨ ( ਮਹਿਤਾ) ਦੇ ਸਾਬਕਾ ਕਾਰਜਕਾਰੀ ਪ੍ਰਧਾਨ ਪ੍ਰੋ: ਸਰਚਾਂਦ ਸਿੰਘ ਖ਼ਿਆਲਾ ਅੱਜ ਭਾਜਪਾ ਵਿਚ ਸ਼ਾਮਿਲ ਹੋ ਗਏ ਹਨ। ਉਨ੍ਹਾਂ ਸਾਬਕਾ ਅਕਾਲੀ ਮੰਤਰੀ ਬਿਕਰਮ ਸਿੰਘ ਮਜੀਠੀਆ ਨਾਲ ਇਕ ਲੰਮਾ ਅਰਸਾ ਕੰਮ ਕਰਨ ਤੋਂ ਇਲਾਵਾ ਦਮਦਮੀ ਟਕਸਾਲ ਨਾਲ ਜੁੜੇ ਰਹੇ ਹਨ। ਉਹ ਸਿੱਖ ਪੰਥ ਅਤੇ ਪੰਜਾਬ ਦੇ ਮਾਮਲਿਆਂ ਪ੍ਰਤੀ ਸਮਝ ਰੱਖਣ ਵਾਲੇ ਚਿੰਤਕਾਂ ’ਚੋਂ ਇਕ ਹਨ। ਜਲੰਧਰ ਵਿਖੇ ਇਸ ਸਮਾਗਮ ਦੌਰਾਨ ਪ੍ਰੋ: ਸਰਚਾਂਦ ਸਿੰਘ ਖ਼ਿਆਲਾ ਨੇ ਕਿਹਾ ਕਿ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਨੇ ਹੀ ਸਿੱਖਾਂ ਦੀ ਨਬਜ਼ ਨੂੰ ਪਛਾਣਿਆ, ਸਿੱਖ ਕੌਮ ਪ੍ਰਤੀ ਗੰਭੀਰਤਾ ਦਿਖਾ ਕੇ ਅਨੇਕਾਂ ਕਾਰਜ ਕਰਦਿਆਂ ਸਿੱਖ ਹਿਤੈਸ਼ੀ ਹੋਣ ਦਾ ਸਬੂਤ ਦਿੱਤਾ ਹੈ।





