ਪੈਰਿਸ /ਅਮ੍ਰਿਤਸਰ 17 ਮਈ- ( ਭੱਟੀ ਫਰਾਂਸ ) ਬੰਦੀ ਸਿੰਘਾਂ ਦੀ ਰਿਹਾਈ ਵਾਸਤੇ ਜਿਹੜੀ ਸਾਂਝੀ ਕਮੇਟੀ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਅਮ੍ਰਿਤਸਰ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਵਲੋਂ ਬਣਾਈ ਗਈ ਹੈ ,ਉਸ ਵਿੱਚੋਂ ਕੁਝ ,ਕੁ ਨਾਵਾਂ ਨੂੰ ਯੂਰੋਪ ਦੀਆਂ ਧਾਰਮਿਕ , ਰਾਜਨੀਤਿਕ ਅਤੇ ਜੇਲ੍ਹਾਂ ਵਿੱਚ ਬੰਦ ਕੈਦੀਆਂ ਦੀ ਰਿਹਾਈ ਵਾਸਤੇ ਯਤਨਸ਼ੀਲ ਸੰਸਥਾਵਾਂ ਨੇ ਮੁੱਢੋਂ ਹੀ ਨਕਾਰ ਦਿੱਤਾ ਹੈ | ਇਸਦਾ ਕਾਰਨ ਇਹ ਦੱਸਿਆ ਜਾ ਰਿਹਾ ਹੈ ਕਿ ਇਸ ਨੌਂ ਮੈਂਬਰੀ ਕਮੇਟੀ ਵਿੱਚ ਬਹੁਤਾਤ ਮੈਂਬਰ ਉਹ ਹੀ ਹਨ , ਜਿਨਾਂ ਨੇ ਆਪਣੇ ਰਾਜਨੀਤਿਕ ਮੁਫ਼ਾਦ ਵਾਸਤੇ ਬੰਦੀ ਸਿੰਘਾਂ ਦੀ ਰਿਹਾਈ ਦੇ ਰਾਹ ਵਿੱਚ ਰੋੜੇ ਹੀ ਅਟਕਾਏ ਹਨ ,ਨਾ ਕਿ ਸੁਹਿਰਦਤਾ | ਇੱਥੇ ਇਹ ਦੱਸਣਯੋਗ ਹੈ ਕਿ ਭਾਰਤ ਦੀਆਂ ਵੱਖ-ਵੱਖ ਜੇਲ੍ਹਾਂ ’ਚ ਪਿਛਲੇ ਲੰਮੇ ਅਰਸੇ ਤੋਂ ਨਜ਼ਰਬੰਦ ਸਿੰਘਾਂ ਦੀ ਰਿਹਾਈ ਸਬੰਧੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਇਕ 9 ਮੈਂਬਰੀ ਕਮੇਟੀ ਦਾ ਗਠਨ ਕੀਤਾ ਹੈ। ਇਸ ਕਮੇਟੀ ਵਿਚ ਵੱਖ-ਵੱਖ ਪਾਰਟੀਆਂ ਦੇ ਰਾਜਨੀਤਿਕ ਨੇਤਾ ਅਤੇ ਪੰਥਕ ਆਗੂ ਮੈਂਬਰ ਨਾਮਜਦ ਕੀਤੇ ਗਏ ਹਨ। ਸ੍ਰੀ ਅਕਾਲ ਤਖ਼ਤ ਸਾਹਿਬ ਦੇ ਆਦੇਸ਼ ’ਤੇ ਬੀਤੀ ਗਿਆਰਾਂ ਮਈ ਨੂੰ ਸ਼੍ਰੋਮਣੀ ਕਮੇਟੀ ਵੱਲੋਂ ਤੇਜਾ ਸਿੰਘ ਸਮੁੰਦਰੀ ਹਾਲ ਵਿਖੇ ਪੰਥਕ ਇਕੱਠ ਸੱਦਿਆ ਗਿਆ ਸੀ, ਜਿਸ ਦੌਰਾਨ ਸਰਬਸੰਮਤੀ ਨਾਲ ਸਾਂਝੀ ਕਮੇਟੀ ਸਥਾਪਤ ਕਰਨ ਦੇ ਅਧਿਕਾਰ ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੂੰ ਸੌਂਪੇ ਗਏ ਸਨ। ਇਸੇ ਤਹਿਤ ਉਨ੍ਹਾਂ ਨੇ ਇਸ ਸਾਂਝੀ ਕਮੇਟੀ ਦਾ ਐਲਾਨ ਕੀਤਾ ਹੈ। ਐਡਵੋਕੇਟ ਧਾਮੀ ਵੱਲੋਂ ਬਣਾਈ ਗਈ ਇਸ 9 ਮੈਂਬਰੀ ਕਮੇਟੀ ਵਿਚ ਉਨ੍ਹਾਂ (ਸ਼੍ਰੋਮਣੀ ਕਮੇਟੀ ਪ੍ਰਧਾਨ) ਤੋਂ ਇਲਾਵਾ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸ. ਸੁਖਬੀਰ ਸਿੰਘ ਬਾਦਲ, ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਪ੍ਰਧਾਨ ਸ. ਸਿਮਰਨਜੀਤ ਸਿੰਘ ਮਾਨ, ਸੰਤ ਸਮਾਜ ਵੱਲੋਂ ਦਮਦਮੀ ਟਕਸਾਲ ਦੇ ਮੁਖੀ ਬਾਬਾ ਹਰਨਾਮ ਸਿੰਘ ਖਾਲਸਾ, ਨਿਹੰਗ ਸਿੰਘ ਜਥੇਬੰਦੀਆਂ ’ਚੋਂ ਤਰਨਾ ਦਲ ਹਰੀਆਂ ਵੇਲਾਂ ਦੇ ਮੁਖੀ ਬਾਬਾ ਨਿਹਾਲ ਸਿੰਘ, ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸ. ਹਰਮੀਤ ਸਿੰਘ ਕਾਲਕਾ, ਸ਼੍ਰੋਮਣੀ ਅਕਾਲੀ ਦਲ ਦਿੱਲੀ ਦੇ ਪ੍ਰਧਾਨ ਸ. ਪਰਮਜੀਤ ਸਿੰਘ ਸਰਨਾ, ਦਿੱਲੀ ਕਮੇਟੀ ਦੇ ਸਾਬਕਾ ਪ੍ਰਧਾਨ ਸ. ਮਨਜੀਤ ਸਿੰਘ ਜੀਕੇ ਅਤੇ ਸਿੱਖ ਪ੍ਰਚਾਰਕ ਬਾਬਾ ਬਲਜੀਤ ਸਿੰਘ ਦਾਦੂਵਾਲ ਸ਼ਾਮਲ ਕੀਤੇ ਗਏ ਹਨ।
ਇਸੇ ਦੌਰਾਨ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਦੱਸਿਆ ਕਿ ਬੰਦੀ ਸਿੰਘਾਂ ਦੀ ਰਿਹਾਈ ਲਈ ਸਾਂਝੇ ਕੌਮੀ ਯਤਨਾਂ ਸਬੰਧੀ ਫਿਲਹਾਲ 9 ਮੈਂਬਰੀ ਕਮੇਟੀ ਬਣਾਈ ਗਈ ਹੈ, ਜੋ ਬੰਦੀ ਸਿੰਘਾਂ ਦੀ ਰਿਹਾਈ ਸਬੰਧੀ ਯਤਨਸ਼ੀਲ ਸੰਸਥਾਵਾਂ ਅਤੇ ਸ਼ਖ਼ਸੀਅਤਾਂ ਦੇ ਸਹਿਯੋਗ ਨਾਲ ਕਾਰਜ ਕਰੇਗੀ। ਉਨ੍ਹਾਂ ਕਿਹਾ ਕਿ ਇਸ ਦੌਰਾਨ ਸਿੱਖ ਜਥੇਬੰਦੀਆਂ ਤੋਂ ਮਿਲੇ ਸੁਝਾਵਾਂ ਦਾ ਵੀ ਸਤਿਕਾਰ ਕੀਤਾ ਜਾਵੇਗਾ ਅਤੇ ਲੋੜ ਅਨੁਸਾਰ ਕਮੇਟੀ ਦਾ ਵਿਸਥਾਰ ਵੀ ਕੀਤਾ ਜਾ ਸਕਦਾ ਹੈ। ਵੈਸੇ ਧਾਮੀ ਸਾਅਬ ਵਲੋਂ ਬਣਾਈ ਗਈ ਇਸ ਸਾਂਝੀ ਕਮੇਟੀ ਦੀ ਪਹਿਲੀ ਮੀਟਿੰਗ ਉਨੀ ਮਈ ਨੂੰ ਅਮ੍ਰਿਤਸਰ ਵਿੱਚ ਸਦੀ ਗਈ ਹੈ, ਜੋ ਕਿ ਸ਼੍ਰੋਮਣੀ ਕਮੇਟੀ ਵਲੋਂ ਬਣਾਏ ਗਏ ( ਦਫਤਰ ) ਮੀਟਿੰਗ ਹਾਲ ‘ਚ ਦੁਪਹਿਰੇ ਬਾਰਾਂ ਵਜੇ ਹੋਵੇਗੀ।
ਇਸ ਕਮੇਟੀ ਦੇ ਬਹੁਤ ਸਾਰੇ ਮੈਂਬਰਾਂ ਦੇ ਨਾਵਾਂ ਉੱਪਰ ਪੱਤਰਕਾਰ ਇਕਬਾਲ ਸਿੰਘ ਭੱਟੀ ਨੂੰ ਵੱਖੋ ਵੱਖ ਟਾਈਮਾਂ ਤੇ ਯੂਰਪ ਭਰ ਤੋਂ ਮਿਲੀਆਂ ਟੈਲੀਫੋਨ ਕਾਲਾਂ ਦੇ ਰਿਕਾਰਡ ਅਨੁਸਾਰ ਯੂਰੋਪੀਅਨ ਸ਼ਖਸ਼ੀਅਤਾਂ ਨੇ ਇਤਰਾਜ ਜਿਤਾਉਂਦੇ ਹੋਏ ਕਿਹਾ ਕਿ ਸਾਡੇ ਵਲੋਂ ਪਿਛਲੇ ਕਈ ਸਾਲਾਂ ਤੋਂ ਸਿੱਖ ਕੈਦੀਆਂ ਨੂੰ ਛਡਵਾਉਣ ਵਾਸਤੇ ਘੋਰ ਉਪਰਾਲੇ ਕੀਤੇ ਜਾ ਰਹੇ ਸਨ , ਲੇਕਿਨ ਗਠਿਤ ਕਮੇਟੀ ਦੇ ਕਿਸੇ ਵੀ ਮੈਂਬਰ ਨੇ ਯੂਰੋਪ ਸਾਹਿਤ , ਯੂ ਕੇ , ਕਨੇਡਾ ਅਤੇ ਅਮਰੀਕਾ ਆਦਿ ਦੇਸ਼ਾਂ ਦੀਆਂ ਸੰਸਥਾਵਾਂ ਨੂੰ ਸਿਵਾਏ ਲਾਰਿਆਂ ਦੇ ਕਦੇ ਵੀ ਦਿਲੋਂ ਸਹਿਯੋਗ ਨਹੀਂ ਸੀ ਦਿੱਤਾ ਵਰਨਾ ਇਹ ਕੈਦੀ ਬਹੁਤ ਚਿਰ ਪਹਿਲਾਂ ਹੀ ਰਿਹਾਅ ਹੋ ਜਾਣੇ ਸਨ | ਹੁਣ ਦੇਖਦੇ ਹਾਂ ਕਿ ਸਾਂਝੀ ਕਮੇਟੀ ਦੇ ਇਹ ਨੌਂ ਮੈਂਬਰ ਕੀ ਕਰਦੇ ਹਨ , ਪਹਿਲਾਂ ਵਾਂਗ ਸਿਆਸੀ ਡਰਾਮੇ ਜਾਂ ਫਿਰ ਬੰਦੀ ਸਿੰਘਾਂ ਦੀ ਸੰਪੂਰਨ ਰਿਹਾਈ , ਜਿਸਦੀ ਕਿ ਸਿੱਖ ਕੌਮ ਨੂੰ ਅਤਿਅੰਤ ਲੋੜ ਹੈ | ਉਪਰੋਕਤ ਸਾਰੇ ਹੀ ਸਵਾਲਾਂ ਦੇ ਜਵਾਬ ਵਾਸਤੇ ਸਾਨੂੰ ਆਉਣ ਵਾਲੇ ਸਮੇਂ ਦਾ ਇੰਤਜਾਰ ਕਰਨਾ ਹੋਵੇਗਾ |





