*ਜਲ ਸਪਲਾਈ ਅਤੇ ਸੈਨੀਟੇਸ਼ਨ ਮੁਲਾਜ਼ਮਾਂ ਦੇ ਸਬਰ ਦਾ ਬੰਨ੍ਹ ਟੁੱਟਿਆ, ਸਰਕਾਰ ਦੀ ਵਾਅਦਾ ਖ਼ਿਲਾਫ਼ੀ ਵਿਰੁੱਧ ਸੰਘਰਸ਼ ਦਾ ਬਿਗੁਲ ਵਜਾਇਆ*

Uncategorized
Spread the love

ਤਲਵਾਡ਼ਾ,4 ਜੁਲਾਈ( ਦੀਪਕ ਠਾਕੁਰ )-ਲੰਘੀਆਂ ਵਿਧਾਨ ਸਭਾ ਚੋਣਾਂ ਵਿੱਚ ‘ਆਪ’ ਸਰਕਾਰ ਵੱਲੋਂ ਮੁਲਾਜ਼ਮਾਂ ਅਤੇ ਲੋਕਾਂ ਨਾਲ ਕੀਤੇ ਲੋਕ ਲੁਭਾਵਣੇ ਵਾਅਦਿਆਂ ਤੋਂ ਮੁਲਾਜ਼ਮ ਅੱਕ ਗਏ ਹਨ। ਲੰਘੇ ਵਿਧਾਨ ਸਭਾ ਸੈਸ਼ਨ ‘ਚ ਸਰਕਾਰ ਵੱਲੋਂ ਮੁਲਾਜ਼ਮ ਮੰਗਾਂ ਪ੍ਰਤੀ ਹਾਂ ਪੱਖੀ ਹੁੰਗਾਰਾ ਨਾ ਦੇਣ ਕਾਰਨ ਜਥੇਬੰਦੀਆਂ ਦੇ ਸਬਰ ਦਾ ਬੰਨ੍ਹ ਟੁੱਟ ਗਿਆ ਹੈ। ਹਾਲਾਂਕਿ ਵੱਡੀ ਗਿਣਤੀ ਮੁਲਾਜ਼ਮ ਜੱਥੇਬੰਦੀਆਂ ਸਰਕਾਰ ਦੇ ਤਿੰਨ ਮਹੀਨੇ ਪੂਰੇ ਹੋਣ ਤੋਂ ਪਹਿਲਾਂ ਹੀ ਸਡ਼ਕਾਂ ’ਤੇ ਉਤਰ ਪਈਆਂ ਹਨ। ਪੀ ਡਬਲਿਊ ਡੀ ਫੀਲਡ ਐਂਡ ਵਰਕਸ਼ਾਪ ਵਰਕਰਜ਼ ਯੂਨੀਅਨ ਪੰਜਾਬ ਨੇ ਵੀ ਸਰਕਾਰ ਦੀ ਵਾਅਦਾ ਖ਼ਿਲਾਫ਼ੀ ਵਿਰੁੱਧ ਝੰਡੇ ਚੁੱਕ ਲਏ ਹਨ। ਆਪਣੀਆਂ ਹੱਕੀ ਅਤੇ ਜਾਇਜ਼ ਮੰਗਾਂ ਦੀ ਪ੍ਰਾਪਤੀ ਲਈ ਜਥੇਬੰਦੀ ਨੇ 8 ਤਾਰੀਕ ਨੂੰ ਜਲ ਸਪਲਾਈ ਤੇ ਸੈਨੀਟੇਸ਼ਨ ਮੰਤਰੀ ਪੰਜਾਬ ਬ੍ਰਹਮਸ਼ੰਕਰ ਜਿੰਪਾ ਦੇ ਹਲਕਾ ਹੁਸ਼ਿਆਰਪੁਰ ‘ਚ ਰੋਸ ਪ੍ਰਦਰਸ਼ਨ ਕਰਨ ਦਾ ਐਲਾਨ ਕੀਤਾ ਹੈ। ਇਹ ਜਾਣਕਾਰੀ ਜਥੇਬੰਦੀ ਦੇ ਜ਼ੋਨ ਪ੍ਰਧਾਨ ਅਮਰਜੀਤ ਕੁਮਾਰ ਨੰਗਲ ਖਿਲਾਡ਼ੀਆਂ ਅਤੇ ਰਾਜੀਵ ਸ਼ਰਮਾ ਤਲਵਾਡ਼ਾ ਨੇ ਦਿੱਤੀ। ਇਹ ਫੈਸਲਾ ਸੂਬਾ ਕਮੇਟੀ ਦੀ ਮੀਟਿੰਗ ‘ਚ ਸਰਬਸਮੰਤੀ ਨਾਲ ਲਿਆ ਗਿਆ। ਆਗੂਆਂ ਨੇ ਦੱਸਿਆ ਕਿ ਵਿਭਾਗ ਦੇ ਮੁੱਖ ਦਫ਼ਤਰ ਪਟਿਆਲਾ ’ਚ ਡਾਇਰੈਕਟਰ ਸਾਹਿਬ ਛੁੱਟੀ ’ਤੇ ਚੱਲ ਰਹੇ ਹਨ, ਸਪੁਰਡੈਂਟ ਅਤੇ ਐਫਏ ਦੀ ਬਦਲੀ ਹੋ ਗਈ ਹੈ, ਰਜਿਸਟਰਾਰ ਵੀ ਦਫ਼ਤਰ ਵਿੱਚ ਨਹੀਂ ਹਨ। ਪਿਛਲੇ ਲੰਮੇ ਸਮੇਂ ਤੋਂ ਫੀਲਡ ਅਮਲੇ ਦੀਆਂ ਬਦਲੀਆਂ, ਠੇਕਾ ਮੁਲਾਜ਼ਮਾਂ ਦੀਆਂ ਤਨਖ਼ਾਹਾਂ, ਜੀਪੀਐਫ਼ ਦੇ ਕੇਸ, ਠੇਕਾ ਮੁਲਾਜ਼ਮਾਂ ਨੂੰ ਵਿਭਾਗ ‘ਚ ਲੈਣ ਦੀ ਪ੍ਰਕਿਰਿਆ, ਮੈਡੀਕਲ ਬਿੱਲਾਂ ਦਾ ਭੁਗਤਾਨ, ਦਰਜਾ ਤਿੰਨ ਅਤੇ ਚਾਰ ਦੀਆਂ ਪਦਉੱਨਤੀਆਂ, ਮ੍ਰਿਤਕ ਕਰਮਚਾਰੀਆਂ ਦੇ ਵਾਰਸਾਂ ਨੂੰ ਤਰਸ ਦੇ ਅਧਾਰ ’ਤੇ ਨੌਕਰੀ ਆਦਿ ਸਭ ਕੰਮ ਠੱਪ ਪਏ ਹੋਏ ਹਨ।

Leave a Reply

Your email address will not be published. Required fields are marked *