ਪੈਰਿਸ 7 ਮਾਰਚ ( ਭੱਟੀ ਫਰਾਂਸ ) ਬੰਦੀ ਸਿੰਘਾਂ ਦੀ ਰਿਹਾਈ ਵਾਸਤੇ ਸਿੱਖਾਂ ਦੀਆਂ ਵੱਖੋ ਵੱਖ ਰਾਜਨੀਤਿਕ ਅਤੇ ਧਾਰਮਿਕ ਜਥੇਬੰਦੀਆ ਆਪੋ ਆਪਣੇ ਤੌਰ ਤੇ ਹਰੇਕ ਤਰੀਕੇ ਨਾਲ ਤਰਲੋਮੱਛੀ ਹੋ ਰਹੀਆਂ ਹਨ , ਐਪਰ ਮੌਕੇ ਦੀਆਂ ਸਰਕਾਰਾਂ ਟੱਸ ਤੋਂ ਮੱਸ ਨਹੀਂ ਹੋ ਰਹੀਆਂ । ਇਸ ਵੇਲੇ ਸੁਆਲ ਇਕੱਲੇ ਬੰਦੀ ਸਿੰਘਾਂ ਦੀ ਰਿਹਾਈ ਦਾ ਹੀ ਨਹੀਂ ਰਿਹਾ, ਬਲਕਿ ਇਸ ਦੇ ਨਾਲ ਨਾਲ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਹੋਈਆਂ ਬੇਅਦਬੀ ਦੀਆ ਘਟਨਾਵਾਂ ਦਾ ਮਸਲਾ ਵੀ ਸਿਖਾਂ ਦੇ ਮਨਾ ਵਿੱਚ ਰੋਸ ਪ੍ਰਗਟਾ ਰਿਹਾ ਹੈ । ਵੈਸੇ ਤਾਂ ਪੰਜਾਬ ਵਿੱਚ ਉਪਰੋਕਤ ਦੋਹਾਂ ਮਸਲਿਆਂ ਦੇ ਠੋਸ ਹੱਲ ਵਾਸਤੇ ਗਾਹੇ ਬਗਾਹੇ ਧਰਨੇ ਅਤੇ ਮੁਜਾਹਰੇ ਪਿਛਲੇ ਕਈ ਸਾਲਾਂ ਤੋਂ ਹੋ ਰਹੇ ਹਨ, ਐਪਰ ਹੱਲ ਨਿਕਲਣ ਅਤੇ ਨਿਆਂ ਮਿਲਣ ਦੀ ਆਸ ਦਿਨੋ ਦਿਨ ਗੰਧਲੀ ਹੁੰਦੀ ਜਾ ਰਹੀ ਹੈ ।
ਸੋ ਹੁਣ ਮੁਜਾਹਰਿਆ ਅਤੇ ਰੋਸ ਧਰਨਿਆ ਦੀ ਇਸੇ ਤਰਜ ਤੇ ਪੈਰਿਸ ਵਿੱਚ ਵੀ ਫਰਾਂਸ ਦੇ ਸਮੂੰਹ ਗੁਰਦੁਆਰਿਆਂ ਦੀਆਂ ਪ੍ਰਬੰਧਕ ਕਮੇਟੀਆਂ ਨੇ ਫਰਾਂਸ ਦੀ ਸਾਧ ਸੰਗਤ ਦੇ ਸਹਿਯੋਗ ਨਾਲ ਦੋ ਕਿਲੋਮੀਟਰ ਦੇ ਕਰੀਬ ਪੈਦਲ ਚੱਲ ਕੇ ਇੱਕ ਵਿਸ਼ਾਲ ਰੋਸ ਮੁਜਾਹਰਾ 5 ਮਾਰਚ ਨੂੰ ਫਰਾਂਸ ਦੀ ਮਸ਼ਹੂਰ ਜਗਾਹ ਰਿਪਬਲਿਕ ( ਵਿਦੇਸ਼ੀ ਸੈਨਾਨੀਆ ਦੀ ਸੈਰਗਾਹ ) ਤੇ ਕੀਤਾ । ਇਹ ਰੋਸ ਮੁਜਾਹਰਾ ਰਿਪਬਲਿਕ ਮੈਟਰੋ ਤੋਂ ਦੁਪਹਿਰੋ ਬਾਅਦ ਦੋ ਵਜੇ ਸ਼ੁਰੂ ਹੋ ਕੇ ਰਸਤੇ ਵਿੱਚ ਪੜਾਅ ਕਰਦਾ ਹੋਇਆ ਚਾਰ ਵਜੇ ਮੈਟਰੋ ਬਸਤਿਲ ਤੇ ਪਹੁੰਚ ਕੇ ਖਤਮ ਹੋਇਆ ।
ਮੁਜਾਹਕਾਰੀਆ ਨੇ ਆਪਣੇ ਹੱਥਾਂ ਵਿੱਚ ਭਾਰਤ ਸਰਕਾਰ ਦੇ ਖਿਲਾਫ਼ ਅਵਾਜ ਬੁਲੰਦ ਕਰਨ ਵਾਲੇ ਪੰਜਾਬੀ , ਅੰਗਰੇਜੀ ਅਤੇ ਫ੍ਰੈਂਚ ਭਾਸ਼ਾ ਵਿੱਚ ਛਪੇ ਹੋਏ ਤਰਾਂ ਤਰ੍ਹਾਂ ਦੇ ਮਾਟੋ ਪਕੜੇ ਹੋਏ ਸਨ , ਜਿਨ੍ਹਾਂ ਨੂੰ ਸੈਨਾਨੀ ਅਤੇ ਲੋਕਲ ਫ੍ਰੈਂਚ ਲੋਕ ਵੀ ਪੜ ਕੇ ਹੈਰਾਨੀ ਪ੍ਰਗਟ ਕਰ ਰਹੇ ਸਨ ਕਿ ਕਿਉਂ ਤੀਹ ਤੀਹ ਸਾਲ ਬੀਤ ਜਾਣ ਦੇ ਬਾਵਜੂਦ ਵੀ ਬੰਦੀ ਸਿੰਘ ਰਿਹਾ ਨਹੀਂ ਹੋ ਰਹੇ। ਮੁਜਾਹਕਾਰੀਆ ਨੂੰ ਸੰਬੋਧਨ ਕਰਨ ਵਾਲਿਆਂ ਵਿੱਚੋਂ , ਕਸ਼ਮੀਰ ਸਿੰਘ ਪ੍ਰਧਾਨ ਸਿੱਖ ਫੈਡਰੇਸ਼ਨ ਫਰਾਂਸ , ਰਘੁਬੀਰ ਸਿੰਘ ਕੋਹਾੜ ਪ੍ਰਧਾਨ ਇੰਟਰਨੈਸ਼ਨਲ ਸਿੱਖ ਕੌਂਸਲ ਫਰਾਂਸ , ਭਾਈ ਚੈਨ ਸਿੰਘ ਯੂਰਪੀਅਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ , ਸਤਨਾਮ ਸਿੰਘ ਖਾਲਸਾ ਮੁੱਖ ਪ੍ਰਬੰਧਕ ਚੜਦੀ ਕਲਾ ਸੇਵਕ ਜਥਾ ਫਰਾਂਸ, ਦਲਵਿੰਦਰ ਸਿੰਘ ਘੁੰਮਣ, ਯੂਥ ਪ੍ਰਧਾਨ ਯੂਰਪ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ , ਜਥੇਦਾਰ ਗੁਰਦਿਆਲ ਸਿੰਘ ਖਾਲਸਾ ਮੁਖੀ ਦਸ਼ਮੇਸ਼ ਸਿੱਖ ਅਕੈਡਮੀ ਫਰਾਂਸ , ਰਾਜ ਸਿੰਘ ਪ੍ਰਬੰਧਕ ਗੁਰਦੁਆਰਾ ਸਿੰਘ ਸਭਾ ਬੋਬੀਨੀ, ਭਾਈ ਜਸਵਿੰਦਰ ਸਿੰਘ ਪਾਸਲਾ ਮੁੱਖ ਪ੍ਰਬੰਧਕ ਗੁਰਦੁਆਰਾ ਸੱਚਿਖੰਡਿ ਗੁਰੂ ਤੇਗੁ ਬਹਾਦੁਰ ਸਾਹਿਬ ਬੋਦੀ , ਰਾਜਬੀਰ ਸਿੰਘ ਤੁੰਗ , ਪ੍ਰਮਿੰਦਰ ਸਿੰਘ ਸੈਕਟਰੀ ਗੁਰਦੁਆਰਾ ਸ਼੍ਰੀ ਗੁਰੂ ਰਵੀਦਾਸ ਸਭਾ ਲਾ- ਕੋਰਨਵ , ਹਾਸ਼ਮੀ ਸਾਹਿਬ ਪ੍ਰਧਾਨ ਅਜਾਦ ਕਸ਼ਮੀਰ ਫਰੰਟ ਆਦਿ ਦੇ ਨਾਮ ਵਰਨਣ ਯੋਗ ਹਨ । ਇੱਕ ਹੋਰ ਜਾਣਕਾਰੀ ਅਨੁਸਾਰ, ਗੁਰਦੁਆਰਿਆਂ ਦੇ ਪ੍ਰਬੰਧਕ , ਟਾਈਮ ਮੁਕਰਰ ਕਰਕੇ ਭਾਰਤੀ ਅੰਬੈਸੀ ਦੇ ਅਧਿਕਾਰੀਆਂ ਨੂੰ ਸਿੱਖਾਂ ਦੇ ਉਪਰੋਕਤ ਮਸਲਿਆਂ ਸਬੰਧੀ ਭਾਰਤ ਸਰਕਾਰ ਦੇ ਧਿਆਨ ਯੋਗ ਮੰਗ ਪੱਤਰ ਵੀ ਦੇਣਗੇ।





