ਦੀਪਕ ਠਾਕੁਰ
ਤਲਵਾਡ਼ਾ, 8 ਅਕਤੂਬਰ -ਬੀਤੀ ਰਾਤ ਜਲ ਸਪਲਾਈ ਸਕੀਮ ਧਰਮਪੁਰ ਅਲੇਰਾ ਵਿਖੇ ਚੋਰਾਂ ਨੇ ਹੱਥ ਸਾਫ਼ ਕੀਤਾ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਇਆਂ ਮੁਲਾਜ਼ਮ ਨਰੇਸ਼ ਕੁਮਾਰ ਨੇ ਦਸਿਆ ਕਿ ਉਕਤ ਜਲ ਸਪਲਾਈ ਸਕੀਮ ਬਟਵਾਡ਼ਾ ਦੀ ਖੱਡ ਦੇ ਨਜ਼ਦੀਕ ਲੱਗੀ ਹੋਈ ਹੈ। ਲੰਘੀ ਰਾਤ ਚੋਰਾਂ ਨੇ ਸਕੀਮ ਦਾ ਮੇਨ ਦਰਵਾਜੇ ਦਾ ਤਾਲਾ ਤੋਡ਼ ਕੇ ਅੰਦਰ ਪੰਪ ਚੈਂਬਰ ’ਚੋਂ ਕੀਮਤੀ ਸਮਾਨ, ਜਿਸ ਵਿੱਚ 100 ਫੁੱਟ ਦੇ ਕਰੀਬ ਥ੍ਰੀ ਫੇਜ਼ ਤਾਰ ਅਤੇ ਪੈਨਲ ਬੋਰਡ ਦੇ ਕੀਮਤੀ ਪੁਰਜ਼ੇ ਚੋਰੀ ਕਰ ਲਏ ਹਨ। ਉਨ੍ਹਾਂ ਦਸਿਆ ਮੁਲਾਜ਼ਮਾਂ ਦੀ ਘਾਟ ਕਾਰਨ ਰਾਤ ਨੂੰ ਸਕੀਮ ’ਤੇ ਕੋਈ ਨਹੀਂ ਹੁੰਦਾ। ਉਸ ਦੀ ਡਿਊਟੀ ਸਵੇਰੇ ਚਾਰ ਵਜੇ ਤੋਂ ਸ਼ੁਰੂ ਹੁੰਦੀ ਹੈ। ਅੱਜ ਜਦੋਂ ਸਵੇਰੇ ਚਾਰ ਵਜੇ ਉਹ ਸਕੀਮ ’ਤੇ ਪਹੁੰਚਿਆ ਤਾਂ ਮੇਨ ਦਰਵਾਜੇ ਦਾ ਤਾਲਾ ਟੁੱਟਿਆ ਹੋਇਆ ਸੀ, ਅਤੇ ਅੰਦਰੋਂ ਸਮਾਨ ਗਾਇਬ ਸੀ। ਜਿਸਦੀ ਇਤਲਾਹ ਉਨ੍ਹਾਂ ਵਿਭਾਗ ਦੇ ਅਧਿਕਾਰੀਆਂ ਨੂੰ ਦਿੱਤੀ। ਉਪ ਮੰਡਲ ਇੰਜਨੀਅਰ ਸੰਦੀਪ ਚੌਧਰੀ ਅਤੇ ਜੇਈ ਸੁਨੀਲ ਕੁਮਾਰ ਨੇ ਮੌਕਾ ਦੇਖਿਆ ਅਤੇ ਇਸ ਦੀ ਲਿਖਤੀ ਸ਼ਿਕਾਇਤ ਥਾਣਾ ਤਲਵਾਡ਼ਾ ਵਿਖੇ ਕੀਤੀ। ਇੱਕ ਅੰਦਾਜ਼ੇ ਮੁਤਾਬਕ ਕਰੀਬ 35 ਤੋਂ 40 ਹਜ਼ਾਰ ਰੁਪਏ ਦਾ ਨੁਕਸਾਨ ਹੋਇਆ ਹੈ। ਸਕੀਮ ਨਾ ਚੱਲਣ ਕਾਰਨ ਅੱਜ ਪਿੰਡ ਧਰਮਪੁਰ ਅਤੇ ਅਲੇਰਾ ਵਾਸੀਆਂ ਨੂੰ ਪਾਣੀ ਦੀ ਸਪਲਾਈ ਨਹੀਂ ਦਿੱਤੀ ਜਾ ਸਕੀ।
ਪੀਡਬਲਿਯੂ ਡੀ ਫੀਲਡ ਐਂਡ ਵਰਕਸ਼ਾਪ ਯੂਨੀਅਨ ਬ੍ਰਾਂਚ ਤਲਵਾਡ਼ਾ ਦੇ ਪ੍ਰਧਾਨ ਰਾਜੀਵ ਸ਼ਰਮਾ ਅਤੇ ਸਕੱਤਰ ਸ਼ਾਮ ਲਾਲ ਨੇ ਕਿਹਾ ਕਿ ਮੁਲਾਜ਼ਮਾਂ ਦੀ ਵੱਡੇ ਪੱਧਰ ’ਤੇ ਘਾਟ ਹੈ, ਜ਼ਿਆਦਾਤਰ ਸਕੀਮਾਂ ਰਾਤ ਨੂੰ ਬਿਨ੍ਹਾਂ ਸੁਰੱਖਿਆ ਹੁੰਦੀਆਂ ਹਨ। ਉਨ੍ਹਾਂ ਨਿਕਟ ਭਵਿੱਖ ’ਚ ਅਜਿਹੀਆਂ ਵਾਰਦਾਤਾਂ ’ਚ ਵਾਧਾ ਹੋਣ ਦਾ ਖਦਸ਼ਾ ਜਾਹਿਰ ਕੀਤਾ ਹੈ। ਇਸ ਦੀ ਰੋਕਥਾਮ ਲਈ ਉਨ੍ਹਾਂ ਸਰਕਾਰ ਅਤੇ ਪ੍ਰਸ਼ਾਸਨ ਨੂੰ ਮੁਲਾਜ਼ਮਾਂ ਦੀ ਤੁਰੰਤ ਰੈਗੂਲਰ ਭਰਤੀ ਕਰਨ ਦੀ ਮੰਗ ਕੀਤੀ ਹੈ
।


