ਤਲਵਾਡ਼ਾ, 3 ਜੁਲਾਈ (ਦੀਪਕ ਠਾਕੁਰ)-ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਪ੍ਰਧਾਨ ਤੇ ਸਾਬਕਾ ਉਪ ਮੱੁਖ ਮੰਤਰੀ ਸੁਖਬੀਰ ਸਿੰਘ ਬਾਦਲ ਨੇ ਹਲ਼ਕਾ ਮੁਕੇਰੀਆਂ ਤੇ ਦਸੂਹਾ ਦੇ ਮਾਈਨਿੰਗ ਪ੍ਰਭਾਵਿਤ ਇਲਾਕਿਆਂ ਦਾ ਦੌਰ੍ਹਾ ਕਰ ਕਾਂਗਰਸ ਸਰਕਾਰ ’ਤੇ ਤਿੱਖੇ ਹਮਲੇ ਕੀਤੇ। ਤਲਵਾਡ਼ਾ ਦੇ ਸਵਾਂ ਦਰਿਆ ਦੇ ਕੰਢੇ ਪਿੰਡ ਬਰਿੰਗਲੀ ‘ਚ ਸਥਿਤ ਕਾਂਗਰਸੀ ਵਿਧਾਇਕ ਦੇ ਸਟੋਨ ਕਰੱਸ਼ਰ ’ਤੇ ਪੁੱਜੇ ਸੁਖਬੀਰ ਬਾਦਲ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਉਸਦੇ ਵਿਧਾਇਕਾਂ ਨੂੰ ਮਾਈਨਿੰਗ ਮਾਫੀਆ ਦਾ ਬਾਦਸ਼ਾਹ ਦੱਸਿਆ। ਉਨ੍ਹਾਂ ਲਾਈਵ ਹੋ ਕੇ ਦੱਸਿਆ ਕਿ ਤਲਵਾਡ਼ਾ ਖ਼ੇਤਰ ਜੰਗਲਾਤ ਵਿਭਾਗ ਦੀ ਪੀਐਲਪੀਏ ਧਾਰਾ ਤਹਿਤ ਆਉਂਦਾ ਹੈ, ਜਿੱਥੇ ਕਾਨੂੰਨੀ ਤੌਰਤੇ ਵੀ ਮਾਈਨਿੰਗ ਦੀ ਮਨਾਹੀ ਹੈ। ਬਾਵਜੂਦ ਇਸ ਦੇ ਦਸੂਹਾ ਵਿਧਾਇਕ ਦੀ ਕਥਿਤ ਮਿਲੀਭੁਗਤ ਨਾਲ ਬਾਘਾ ਪੁਰਾਣਾ ਤੋਂ ਕਾਂਗਰਸੀ ਵਿਧਾਇਕ ਦਰਸ਼ਨ ਸਿੰਘ ਬਰਾਡ਼ ਤੇ ਉਸਦੇ ਲਡ਼ਕੇ ਗੁਰਜੰਟ ਬਰਾਡ਼ ਵੱਲੋਂ ਨਿਯਮ ਕਾਨੂੰਨ ਛਿੱਕੇ ਟੰਗ ਸਟੋਨ ਕਰੱਸ਼ਰ ਲਗਾ ਕੇ ਨਾਜਾਇਜ਼ ਮਾਈਨਿੰਗ ਨੂੰ ਅੰਜ਼ਾਮ ਦਿੱਤਾ ਜਾ ਰਿਹਾ ਹੈ। ਸੁਖਬੀਰ ਬਾਦਲ ਨੇ ਸਰਕਾਰ ਦੇ ਨਾਲ ਨਾਲ ਪੁਲੀਸ ਪ੍ਰਸ਼ਾਸਨ ਤੇ ਸਿਵਲ ਪ੍ਰਸ਼ਾਸਨ ਨੂੰ ਵੀ ਘੇਰਿਆ। ਉਨ੍ਹਾਂ ਕਿਹਾ ਕਿ ਥਾਣੇ ਤੋਂ ਲੈ ਕੇ ਜ਼ਿਲ੍ਹਾ ਹੈੱਡਕੁਆਟਰ ਤੱਕ ਕਾਂਗਰਸ ਦੇ ਚਹੇਤੇ ਅਫ਼ਸਰ ਬੈਠੇ ਹੋਏ ਹਨ, ਜਿੰਨ੍ਹਾਂ ਦੇ ਇਸ਼ਾਰਿਆਂ ’ਤੇ ਕਥਿਤ ਕਾਰੋਬਾਰ ਚੱਲ ਰਿਹਾ ਹੈ। ਸੁਖਬੀਰ ਬਾਦਲ ਦੇ ਆਉਣ ਦੀ ਭਿਨਕ ਪੈਣ ਤੋਂ ਪਹਿਲਾਂ ਹੀ ਕਰੱਸ਼ਰਾਂ ਤੋਂ ਭਾਰੀ ਭਰਕਮ ਮਸ਼ੀਨਾਂ ਤੇ ਸਟਾਫ਼ ਗਾਇਬ ਸੀ ਅਤੇ ਸਡ਼ਕਾਂ ’ਤੇ ਵੀ ਮਾਈਨਿੰਗ ਸਮੱਗਰੀ ਲੈ ਜਾਣ ਵਾਲੀਆਂ ਗੱਡੀਆਂ ਦੀ ਆਮਦ ਨਾ ਮਾਤਰ ਹੀ ਸੀ। ਇਸ ਮੌਕੇ ਸਾਬਕਾ ਕੈਬਨਿਟ ਮੰਤਰੀ ਬਿਕਰਮ ਸਿੰਘ ਮਜੀਠੀਆ, ਯੂਥ ਅਕਾਲੀ ਦਲ ਦੇ ਜਨ ਸਕੱਤਰ ਸਰਬਜੋਤ ਸਿੰਘ ਸਾਬੀ, ਜ਼ਿਲ੍ਹਾ ਲੀਗਲ ਸੈੱਲ ਪ੍ਰਧਾਨ ਐਡ ਰਾਜਗੁਲਜਿੰਦਰ ਸਿੰਘ ਸਿੱਧੂ ਤਲਵਾਡ਼ਾ, ਨਗਰ ਪੰਚਾਇਤ ਤਲਵਾਡ਼ਾ ਦੇ ਸਾਬਕਾ ਉਪ ਪ੍ਰਧਾਨ ਅਮਰਪਾਲ ਜੋਹਰ, ਰਾਜ ਕਮਲ ਸਿੰਘ ਹਲੇਡ਼੍ਹ, ਕਿਰਪਾਲ ਸਿੰਘ ਗੇਰਾ, ਸਾਬਕਾ ਸਰਪੰਚ ਜਸਵਿੰਦਰ ਸਿੰਘ ਢੁਲਾਲ, ਸਾਬਕਾ ਸਰਕਲ ਪ੍ਰਧਾਨ ਦੀਪਕ ਰਾਣਾ ਆਦਿ ਤੋਂ ਇਲਾਵਾ ਵੱਡੀ ਗਿਣਤੀ ਅਕਾਲੀ ਵਰਕਰ ਹਾਜ਼ਰ ਸਨ।
ਬਾਕਸ :- ਸ਼੍ਰੋਮਣੀ ਅਕਾਲੀ ਦਲ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੱਲੋਂ ਬਲਾਕ ਹਾਜੀਪੁਰ ‘ਚ ਮਾਈਨਿੰਗ ਪ੍ਰਭਾਵਿਤ ਪਿੰਡਾਂ ਦੇ ਦੌਰ੍ਹੇ ਦੌਰਾਨ ਅਕਾਲੀ ਸਮਰਥਕਾਂ ਦੇ ਕਰੱਸ਼ਰਾਂ ’ਤੇ ਨਾ ਜਾਣਾ ਚਰਚਾ ਦਾ ਵਿਸ਼ਾ ਬਣ ਗਿਆ ਹੈ। ਖਣਨ ਰੋਕੋ ਜ਼ਮੀਨ ਬਚਾਓ ਸੰਘਰਸ਼ ਕਮੇਟੀ ਹਾਜੀਪੁਰ ਨੇ ਸੁਖਬੀਰ ਬਾਦਲ ਦੇ ਦੌਰ੍ਹੇ ਨੂੰ ਮਹਿਜ਼ ਸਿਆਸੀ ਸਟੰਟ ਕਰਾਰ ਦਿੱਤਾ ਹੈ। ਸੰਘਰਸ਼ ਕਮੇਟੀ ਦੇ ਜਨ ਸਕੱਤਰ ਧਰਮਿੰਦਰ ਸਿੰਬਲੀ, ਸਲਾਹਕਾਰ ਸ਼ਿਵ ਕੁਮਾਰ, ਪਿੰਡ ਟੋਟੇ ਤੋਂ ਪ੍ਰਧਾਨ ਜਸਵੀਰ ਸਿੰਘ ਆਦਿ ਨੇ ਕਿਹਾ ਕਿ ਹਾਜੀਪੁਰ ਅਤੇ ਤਲਵਾਡ਼ਾ ‘ਚ ਕਥਿਤ ਮਾਈਨਿੰਗ ਕਾਰੋਬਾਰ ਅਕਾਲੀ ਭਾਜਪਾ ਗਠਜੋਡ਼ ਸਰਕਾਰ ਦੀ ਦੇਣ ਹੈ। ਸਾਲ 2015 ਵਿੱਚ ਅਕਾਲੀ ਸਰਕਾਰ ਨੇ ਲੋਕ ਰੋਹ ਨੂੰ ਦਬਾਉਣ ਮਾਰਫ਼ਤ ਸੰਘਰਸ਼ ਕਮੇਟੀ ਦੇ ਆਗੂਆਂ ’ਤੇ ਹਾਜੀਪੁਰ ਥਾਣੇ ‘ਚ ਝੂਠੇ ਪਰਚੇ ਦਰਜ ਕਰਵਾਏ ਸਨ। ਉਨ੍ਹਾਂ ਕਿਹਾ ਸਾਲ 2017 ਦੀਆਂ ਵਿਧਾਨ ਸਭਾ ਚੋਣਾਂ ‘ਚ ਕਾਂਗਰਸ ਪਾਰਟੀ ਨੇ ਨਾਜਾਇਜ਼ ਮਾਈਨਿੰਗ ਬੰਦ ਕਰਵਾਉਣ ਦਾ ਵਾਅਦਾ ਕੀਤਾ ਸੀ, ਹੁੱਣ ਇਹੀ ਡਰਾਮਾ 2022 ਦੀਆਂ ਚੋਣਾਂ ਤੋਂ ਪਹਿਲਾਂ ਅਕਾਲੀ ਦਲ ਕਰ ਰਿਹਾ ਹੈ। ਅੱਜ ਸੁਖਬੀਰ ਸਿੰਘ ਬਾਦਲ ਵੱਲੋਂ ਪਿੰਡ ਕਾਂਜੂਪੀਰ ‘ਚ ਰਿਹਾਇਸ਼ੀ ਅਬਾਦੀ ਵਿੱਚ ਚੱਲਦੇ ਅਕਾਲੀ ਸਮਰਥਕ ਦੇ ਕਰੱਸ਼ਰ, ਕੇਵਲ ਕਾਂਗਰਸੀ ਸਮਰਥਕਾਂ ਦੇ ਕਰੱਸ਼ਰਾਂ ’ਤੇ ਜਾ ਕੇ ਲਾਈਵ ਹੋਣਾ ਅਤੇ ਬਲਾਕ ਤਲਵਾਡ਼ਾ ਦੇ ਨੀਮ ਪਹਾਡ਼ੀ ਪਿੰਡ ਸੁਖਚੈਨਪੁਰ ‘ਚ ਪਹਿਲਾਂ ਅਕਾਲੀਆਂ ਤੇ ਹੁਣ ਕਾਂਗਰਸੀਆਂ ਦੀ ਮਿਲੀਭੁਗਤ ਨਾਲ ਪਹਾਡ਼ਾਂ ਦੀ ਕੀਤੀ ਜਾ ਰਹੀ ਪੁਟਾਈ ਬਾਰੇ ਚੁੱਪ ਵੱਟਣੀ ਸਵਾਲ ਅਕਾਲੀ ਆਗੂ ਦੀ ਕਰਨੀ ਤੇ ਕਥਨੀ ’ਤੇ ਸਵਾਲ ਖਡ਼੍ਹੇ ਕਰਦੀ ਹੈ।





