*ਬੋਬੀਨੀ ਗੁਰੂ ਘਰ ਵਲੋਂ ਕੱਢੇ ਗਏ ਨਗਰ ਕੀਰਤਨ ਵਿੱਚ ਭਾਰਤੀ ਮੂਲ ਦੇ ਸਿਆਸੀ ਨੇਤਾ ਅਮੀਰੋਦੀਨ ਫਾਰੂਕ ਨੇ ਸਪੈਸ਼ਲ ਮਹਿਮਾਨ ਦੇ ਤੌਰ ਤੇ ਹਾਜਰੀ ਭਰੀ*

Uncategorized
Spread the love

ਪੈਰਿਸ 18 ਅਪ੍ਰੈਲ ( ਭੱਟੀ )  ਕੋਵਿੱਡ -19 ਨਾਮ ਦੀ ਭਿਅੰਕਰ ਬਿਮਾਰੀ ਜਿਸਦਾ ਸੰਤਾਪ ਦੁਨੀਆਂ ਭਰ ਦੇ ਲੋਕਾਂ  ਨੇ ਆਪਣੇ ਪਿੰਡੇ ਤੇ ਹੰਡਾਇਆ ਹੈ , ਦੀ ਸਮਾਪਤੀ ਉਪਰੰਤ ਫਰਾਂਸ ਦੇ ਸਮੂਹ ਗੁਰਦਵਾਰਿਆਂ ਦੇ ਸਹਿਯੋਗ ਨਾਲ ਵਿਸ਼ਾਲ ਨਗਰ ਕੀਰਤਨ ਕੱਢਿਆ ਗਿਆ | ਗੁਰਦਵਾਰਾ ਸਿੰਘ ਸਭਾ ਬੋਬੀਨੀ ਦੀ ਪ੍ਰਬੰਧਕ ਕਮੇਟੀ ਅਤੇ ਸਾਧ ਸੰਗਤ ਦੇ ਉਪਰਾਲੇ ਸਦਕਾ ਇਸ ਮਹਾਨ ਨਗਰ ਕੀਰਤਨ ਵਿੱਚ ਦਸ ਹਜਾਰ ਤੋਂ ਵੱਧ ਸੰਗਤਾਂ ਨੇ ਸ਼ਮੂਲੀਅਤ ਕੀਤੀ | ਤਿੰਨ ਸਾਲਾਂ ਦੇ ਵਕਫ਼ੇ ਮਗਰੋਂ ਕੱਢੇ ਗਏ ਇਸ ਨਗਰ ਕੀਰਤਨ ਦੀ ਅਗਵਾਈ ਗੁਰੂ ਦੇ ਸਾਜੇ ਨਿਵਾਜੇ ਪੰਜ ਪਿਆਰੇ ਕਰ ਰਹੇ ਸਨ | ਪੰਜ ਪਿਆਰਿਆਂ ਦੇ ਪਿੱਛੇ ਪਿੱਛੇ ਸਪੈਸ਼ਲ ਤੌਰ ਤੇ ਸਜਾਈ ਗਈ ਗੱਡੀ ਵਿੱਚ ਸ਼੍ਰੀ ਗੁਰੂ ਗਰੰਥ ਸਾਹਿਬ ਜੀ ਦਾ ਸਰੂਪ ਸੁਸ਼ੋਭਿਤ ਕੀਤਾ ਹੋਇਆ ਸੀ , ਜਦਕਿ ਸਭ ਤੋਂ ਅੱਗੇ ਅੱਗੇ ਬੀਬੀਆਂ ਹਲਕੇ ਹਲਕੇ ਪਾਣੀ ਦੇ ਛਿੜਕਾਅ ਸਹਿਤ  ਝਾੜੂਆਂ ਨਾਲ ਮਿਥੇ ਹੋਏ ਰਸਤੇ ਦੀ ਸਫਾਈ ਸਤਿਨਾਮ ਵਾਹਿਗੁਰੂ ਦੇ ਜਾਪੁ ਜਪਦੀਆਂ ਹੋਈਆਂ ਕਰ ਰਹੀਆਂ ਸਨ | ਨਗਰ ਕੀਰਤਨ ਦੇ ਛੇਅ ਕਿਲੋਮੀਟਰ ਵਾਲੇ ਉਲੀਕੇ ਹੋਏ ਰਸਤੇ ਉੱਪਰ ਜਗਾਹ ਜਗਾਹ ਤੇ ਗੁਰੂ ਦੀਆਂ ਸੰਗਤਾਂ ਵਾਸਤੇ ਗੁਰੂਘਰ ਦੇ ਪ੍ਰੇਮੀਆਂ ਨੇ ਖਾਣ ਪੀਣ ਦੇ ਸਟਾਲ ਬਹੁਤ ਹੀ ਸਲੀਕੇ ਨਾਲ ਲਗਾਏ ਹੋਏ ਸਨ | ਤਿੰਨ ਵਾਰ ਪੜਾਅ ਕਰਨ ਵਾਲੇ ਇਸ ਪੜਾਅਵਾਰ ਨਗਰ ਕੀਰਤਨ ਨੂੰ ਗਤਕੇ ਵਾਲੀਆਂ ਟੀਮਾਂ ਨੇ ਗਤਕੇ ਦੇ ਜੌਹਰ ਦਿਖਾ ਕੇ ਜਿੱਥੇ ਸਿੱਖ ਸੰਗਤਾਂ ਨੂੰ ਮੁਗਧ ਕੀਤਾ ਉੱਥੇ ਹੀ ਫਰਾਂਸੀਸੀ ਲੋਕਾਂ ਨੇ ਵੀ ਇਸ ਦਾ ਆਨੰਦ ਮਾਣਿਆ |

ਗੁਰੂ ਕੀਆਂ ਸੰਗਤਾਂ ਦੇ ਖਿੜੇ ਹੋਏ ਚਿਹਰੇ ਅਤੇ ਗੁਰਬਾਣੀ ਦੇ ਚੱਲ ਰਹੇ ਇਸ ਅਥਾਹ ਪ੍ਰਵਾਹ ਨੂੰ ਦੇਖ ਕੇ ਇਸ ਤਰਾਂ ਪ੍ਰਤੀਤ ਹੋ ਰਿਹਾ ਸੀ ਕਿ ਪਿਛਲੇ ਤਿੰਨ ਸਾਲਾਂ ਤੋਂ ਗੁਆਚੀਆਂ ਹੋਈਆਂ ਖੁਸ਼ੀਆਂ ਫਿਰ ਦੁਬਾਰਾ ਪਰਤ ਆਈਆਂ ਹਨ | ਫਰਾਂਸ ਦੇ ਹਰੇਕ ਗੁਰੂ ਘਰ ਦੇ ਕੀਰਤਨੀ ਜਥਿਆਂ ਨੇ ਵੀ ਜਿੱਥੇ ਮਿਥੇ ਹੋਏ ਵਕਤ ਅਨੁਸਾਰ ਹਾਜਰੀ ਭਰ ਕੇ ਸੰਗਤਾਂ ਨੂੰ ਗੁਰਬਾਣੀ ਨਾਲ ਜੋੜਿਆ ਉੱਥੇ ਹੀ ਖਾਲਸਾ ਸਾਜਨਾ ਦਿਵਸ ਦੀ ਵਧਾਈ ਵੀ ਖਾਲਸਾ ਪੰਥ ਨੂੰ ਦਿੱਤੀ | ਬੋਬੀਨੀ ਗੁਰੂ ਘਰ ਵਲੋਂ ਨਾਮਜਦ ਕੀਤੇ ਗਏ ਚਾਲੀ ਦੇ ਕਰੀਬ ਸੇਵਾਦਾਰਾਂ ਨੇ ਵੀ ਫਰਾਂਸ ਪੁਲਿਸ ਵਲੋਂ ਵਿਉਂਤਬੰਦੀ ਦੁਆਰਾ ਕੀਤੀ ਹੋਈ ਸਕਿਉਰਿਟੀ ਦੀ ਮੁਸਤੈਦੀ ਕਾਰਨ ਨਗਰ ਕੀਰਤਨ ਬਿਨਾਂ ਕਿਸੇ ਵਾਦ ਵਿਵਾਦ ਦੇ ਸਪੰਨ ਹੋਇਆ ,ਜਿਸਦਾ ਸਿਹਰਾ ਗੁਰੂ ਦੇ ਰੰਗ ਵਿੱਚ ਰੰਗੀਆਂ ਹੋਈਆਂ ਹਜਾਰਾਂ ਸੰਗਤਾਂ ਨੂੰ ਜਾਂਦਾ ਹੈ ,ਜਿਨ੍ਹਾਂ ਨੇ ਅਨੁਸ਼ਾਸਨ ਵਿੱਚ ਰਹਿ ਕੇ ਇਸ ਨਗਰ ਕੀਰਤਨ ਨੂੰ ਕਾਮਯਾਬ ਬਣਾਇਆ | ਪ੍ਰਿੰਟ ਅਤੇ ਇਲੈਕਟ੍ਰੋਨਿਕ ਮੀਡੀਏ ਨੇ ਉਚੇਚੇ ਤੌਰ ਤੇ ਪਹੁੰਚ ਕੇ ਇਸ ਵਿਸ਼ਾਲ ਨਗਰ ਕੀਰਤਨ ਦੀ ਕਵਰੇਜ ਕੀਤੀ | ਖਾਲਸਾ ਪੰਥ ਨੂੰ ਖਾਲਸੇ ਦੇ ਸਾਜਨਾ ਦਿਵਸ ਦੀ ਵਧਾਈ ਦੇਣ ਵਾਸਤੇ ਇਲਾਕੇ ਦਾ ਐਮ ਪੀ ਮਿਸਟਰ ਲਗਾਰਦ ,ਮੇਅਰ ਮਿਸਟਰ ਅਬਦੁਲ ਸਾਦੀ ਅਤੇ ਭਾਰਤੀ ਮੂਲ ਦਾ ਮਿਸਟਰ ਅਮੀਰੋਦੀਨ ਫਾਰੂਕ ਜੋ ਕਿ ਲਾ -ਕੋਰਨਵ ਮੇਰੀ ਦੇ ਮੇਅਰ ਦਾ ਸਲਾਹਕਾਰ ਵੀ ਹੈ ਉਚੇਚੇ ਤੌਰ ਤੇ ਪਹੁੰਚੇ ਹੋਏ ਸਨ | 

 

Leave a Reply

Your email address will not be published. Required fields are marked *